ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੂਨ
ਦਿੱਲੀ ਵਿੱਚ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਹਾਰ ਮਗਰੋਂ ‘ਆਪ’ ਦੇ ਕਾਰਕੁਨਾਂ ਵਿੱਚ ਨਿਰਾਸ਼ਾ ਦਿਖ ਰਹੀ ਹੈ। ਭਾਜਪਾ ਅੱਗੇ ਆਮ ਆਦਮੀ ਪਾਰਟੀ ਦਾ ਝਾੜੂ ਤੀਲਾ ਤੀਲਾ ਹੋ ਗਿਆ ਜਾਪਦਾ ਹੈ। ਪਾਰਟੀ ਦਿੱਲੀ ਵਿਧਾਨ ਸਭਾ ਅਤੇ ਦਿੱਲੀ ਨਗਰ ਨਿਗਮ ਚੋਣਾਂ ਦੇ ਪ੍ਰਦਰਸ਼ਨ ਨੂੰ ਮੁੜ ਦੁਹਰਾ ਨਾ ਸਕੀ।
‘ਆਪ’ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਹੋਰ ਆਗੂਆਂ ਨੇ ਦਿੱਲੀ ਵਿੱਚ ਪ੍ਰਚਾਰ ਕੀਤਾ ਅਤੇ ਪਾਰਟੀ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਕਿਉਂਕਿ ਚੋਣਾਂ ਸ਼ੁਰੂ ਹੁੰਦੇ ਹੀ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਸ ਕਰਕੇ ਹੋਰ ਆਗੂਆਂ ਨੇ ਚੋਣ ਪ੍ਰਚਾਰ ਦੀ ਕਮਾਨ ਸਾਂਭੀ। ਸਿਆਸੀ ਮਾਹਿਰਾਂ ਵੱਲੋਂ ਮੰਨਿਆ ਜਾ ਰਿਹਾ ਹੈ ਕਿ ‘ਆਪ’ ਦੀ ਰਾਜਸਭਾ ਮੈਂਬਰ ਸਵਾਤੀ ਮਾਲੀਵਾਲ ਦਾ ਵਿਵਾਦ ਪਾਰਟੀ ਲਈ ਨੁਕਸਾਨਦੇਹ ਸਾਬਤ ਹੋਇਆ ਅਤੇ ਬਣਦੀ ਬਣਦੀ ਖੇਡ ਵਿਗੜ ਗਈ। ਇਸ ਤੋਂ ਇਲਾਵਾ ਕੇਜਰੀਵਾਲ ਦੀ ਗ੍ਰਿਫ਼ਤਾਰੀ ਨਾਲ ਵੀ ‘ਆਪ’ ਦੀ ਪ੍ਰਚਾਰ ਮੁਹਿੰਮ ਨੂੰ ਠੇਸ ਪਹੁੰਚੀ ਅਤੇ ਪ੍ਰਚਾਰ ਵਿੱਚ ਉਹ ਧਾਰ ਨਾ ਆ ਸਕੀ ਜੋ ਅਰਵਿੰਦ ਕੇਜਰੀਵਾਲ ਦੇ ਭਾਸ਼ਣਾਂ ਨਾਲ ਆਉਣ ਦੀ ਉਮੀਦ ਸੀ। ਆਮ ਆਦਮੀ ਪਾਰਟੀ ਨੂੰ ਕਾਂਗਰਸ ਦੇ ਸਾਥ ਨਾਲ ਚੋਣ ਲੜਨੀ ਵੀ ਰਾਸ ਨਾ ਆਈ ਤੇ ਪਾਰਟੀ ਦੇ ਉਮੀਦਵਾਰ ਬੁਰੀ ਤਰ੍ਹਾਂ ਹਾਰੇ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਿਤ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੂੰ ਹਰਾ ਕੇ ਹੀ ਸੱਤਾ ਵਿੱਚ ਆਪਣੀ ਸਥਾਪਤੀ ਕੀਤੀ ਸੀ ਪਰ ਇਸ ਵਾਰ ਚੋਣਾਂ ਦੌਰਾਨ ‘ਆਪ’ ਦੇ ਵਰਕਰਾਂ ਨੂੰ ਕਾਂਗਰਸੀ ਵਰਕਰਾਂ ਦੇ ਨਾਲ ਚੱਲਣਾ ਮੁਸ਼ਕਲ ਲੱਗ ਰਿਹਾ ਸੀ। ਇਸ ਕਰਕੇ ਦੋਵੇਂ ਪਾਰਟੀਆਂ ਦੇ ਕਾਰਕੁਨ ਜੋਸ਼ ਨਾਲ ਕੰਮ ਨਹੀਂ ਕਰ ਸਕੇ।
‘ਆਪ’ ਹਰਿਆਣਾ ਵਿੱਚ ਵੀ ਕੁੱਝ ਨਾ ਕਰ ਸਕੀ ਤੇ ਕਾਂਗਰਸ ਨਾਲ ਮਿਲ ਕੇ ਕਰੂਕਸ਼ੇਤਰ ਤੋਂ ਲੜੀ ਚੋਣ ਵੀ ਉਹ ਜਿੱਤ ਨਾ ਸਕੀ।
ਸਵਾਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਰੋਸ
ਦਿੱਲੀ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ ਮਗਰੋਂ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਵਿੱਚ ਰਾਜਸਭਾ ਮੈਂਬਰ ਸਵਾਤੀ ਮਾਲੀਵਾਲ ਖ਼ਿਲਾਫ਼ ਗੁੱਸਾ ਹੈ। ਕਈ ਵਰਕਰਾਂ ਦਾ ਕਹਿਣਾ ਹੈ ਕਿ ਸਵਾਤੀ ਵੱਲੋਂ ਉਦੋਂ ਇਹ ਸਭ ਨਾਟਕ ਕੀਤਾ ਗਿਆ ਜਦੋਂ ਚੋਣ ਲਈ ਪ੍ਰਚਾਰ ਦੇ ਅਹਿਮ ਦਿਨ ਸਨ। ਉਨ੍ਹਾਂ ਦੁੱਖ ਜ਼ਾਹਿਰ ਕੀਤਾ ਕਿ ਜਿਸ ਸਵਾਤੀ ਮਾਲੀਵਾਲ ਨੂੰ ਪਾਰਟੀ ਨੇ ਪਛਾਣ ਦਿੱਤੀ ਤੇ ਦਿੱਲੀ ਘੱਟ ਗਿਣਤੀ ਕਮਿਸ਼ਨ ਦੀ ਮੁਖੀ ਬਣਾਇਆ, ਨਾਲ ਹੀ ਪਾਰਟੀ ਵੱਲੋਂ ਉਨ੍ਹਾਂ ਨੂੰ ਰਾਜ ਸਭਾ ਵਿੱਚ ਭੇਜਿਆ ਗਿਆ, ਉਸ ਨੇ ਉਸੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਕਈ ਕਾਰਕੁਨ ਦੱਬੀ ਸੁਰ ਵਿੱਚ ਸਵਾਤੀ ਖ਼ਿਲਾਫ਼ ਕਾਰਵਾਈ ਦੀ ਗੱਲ ਕਰ ਰਹੇ ਹਨ ਕਿ ਪਾਰਟੀ ਦੇ ਹਿਤ ਨਿੱਜੀ ਹਿੱਤਾਂ ਤੋਂ ਉਪਰ ਹੋਣੇ ਚਾਹੀਦੇ ਹਨ।