ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਮਈ
ਬੀਤੀ ਰਾਤ ਪਏ ਰਿਕਾਰਡ ਤੋੜ ਮੀਂਹ ਦੌਰਾਨ ਗਾਜ਼ੀਪੁਰ ਦੇ ਕਿਸਾਨਾਂ ਲਈ ਮੀਂਹ ਪ੍ਰੇਸ਼ਾਨੀ ਦਾ ਸਬੱਬ ਬਣਿਆ। ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਭਾਰੀ ਮੀਂਹ ਨਾਲ ਕਈ ਤੰਬੂਆਂ ਵਿੱਚ ਪਾਣੀ ਭਰ ਗਿਆ ਤੇ ਝੌਂਪੜੀਆਂ ਵੀ ਨੁਕਸਾਨੀਆਂ ਗਈਆਂ। ਇਸ ਦੌਰਾਨ ਵੀ ਕਿਸਾਨਾਂ ਦਾ ਇਹੀ ਕਹਿਣਾ ਸੀ ਕਿ ਤਿੰਨੋਂ ਖੇਤੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ ਅਤੇ ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਕੀਤੇ ਬਿਨਾਂ ਕਿਸੇ ਕੀਮਤ ’ਤੇ ਵਾਪਸ ਨਹੀਂ ਜਾਣਗੇ। ਤੂਫਾਨ ਤੇ ਬਾਰਿਸ਼ ਸਾਡੀ ਰੂਹ ਨੂੰ ਤਬਾਹ ਨਹੀਂ ਕਰ ਸਕਦੀ, ਅਸੀਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਲਈ ਤਾਨਾਸ਼ਾਹ ਸਰਕਾਰ ਵਿਰੁੱਧ ਲੜਾਈ ਜਿੱਤੇ ਬਿਨਾਂ ਵਾਪਸ ਨਹੀਂ ਹਟਾਂਗੇ। ਬਹੁਤ ਸਾਰੇ ਕਿਸਾਨ ਆਪਣੇ ਤੰਬੂਆਂ ਵਿੱਚ ਪਾਣੀ ਹਟਾਉਣ ਦੇ ਨਾਲ-ਨਾਲ ਟੈਂਟਾਂ ਨੂੰ ਠੀਕ ਕਰਦੇ ਵੇਖੇ ਗਏ। ਬਲਜਿੰਦਰ ਸਿੰਘ ਮਾਨ, ਧਰਮਪਾਲ ਸਿੰਘ, ਆਦਿ ਗਾਜ਼ੀਪੁਰ ਲਹਿਰ ਕਮੇਟੀ ਦੇ ਮੈਂਬਰਾਂ ਨੇ ਵੱਖ-ਵੱਖ ਟੈਂਟਾਂ ਦਾ ਦੌਰਾ ਕੀਤਾ।
ਉਥੇ ਹੀ ਇਸ ਦੌਰਾਨ ਅੱਜ ਕਿਸਾਨ ਮੋਰਚਾ ਗਾਜ਼ੀਪੁਰ ਬਾਰਡਰ ਦੇ ਕਿਸਾਨ ਆਗੂ ਜਗਤਾਰ ਸਿੰਘ ਬਾਜਵਾ, ਬਲਜਿੰਦਰ ਸਿੰਘ ਮਾਨ ਆਦਿ ਨੇ ਇੰਦਰਾਪੁਰਮ ਗੁਰਦੁਆਰੇ ਵਿਚ ਆਕਸੀਜਨ ਲੰਗਰ ਸੇਵਾ ਵਿਚ ਪਹੁੰਚ ਕੇ ਕੋਵਿਡ ਕਾਲ ਵਿਚ ਭੂਮਿਕਾ ਨਿਭਾਉਣ ਵਾਲੇ ਸਮਾਜ ਸੇਵੀਆਂ ਦੇ ਮਨੋਬਲ ਨੂੰ ਹੁਲਾਰਾ ਦਿੱਤਾ। ਹੈਲਪ ਇੰਟਰਨੈਸ਼ਨਲ ਦੇ ‘ਆਕਸੀਜਨ ਮੈਨ’ ਵਜੋਂ ਜਾਣੇ ਜਾਂਦੇ ਗੁਰਪ੍ਰੀਤ ਸਿੰਘ ਰੰਮੀ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਅਤੇ ਲੋਕ ਸਮੁੱਚੇ ਸਮਾਜ ਦੀ ਵਿਰਾਸਤ ਹੁੰਦੇ ਹਨ, ਜਿਸ ਰਾਹੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਜੋ ਸਦਾ ਸੇਵਾ ਲਈ ਸਮਰਪਿਤ ਰਹਿੰਦੇ ਹਨ।