ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਕਤੂਬਰ
ਦਿੱਲੀ ਤੇ ਐੱਨਸੀਆਰ ਦੇ ਖੇਤਰਾਂ ਵਿੱਚ ਹਵਾ ਪ੍ਰਦੂਸ਼ਣ ਮਾੜੀ ਹਾਲਤ ਵਿੱਚ ਪਹੁੰਚਣ ਮਗਰੋਂ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਲਾਉਣ ਦੀ ਮੰਗ ਉੱਠਣ ਲੱਗੀ ਹੈ। ਹਵਾ ਗੁਣਵਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਵੱਲੋਂ ਕਿਹਾ ਗਿਆ ਕਿ ਸਟੇਜ-1 ਦਾ ਜੀਆਰਏਪੀ ਦਿੱਲੀ ਐੱਨਸੀਆਰ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ਦਿੱਲੀ ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਬੀਤੇ ਦਿਨ ਤੋਂ ਵਧਣ ਲੱਗਾ ਹੈ। ਗੁਰੂਗ੍ਰਾਮ, ਫਰੀਦਾਬਾਦ, ਨੋਇਡਾ ਤੇ ਗ੍ਰੈਟਰ ਨੋਇਡਾ ਸਮੇਤ ਸੋਨੀਪਤ ਵਿੱਚ ਹਵਾ ਪ੍ਰਦਸ਼ੂਣ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਸੋਨੀਪਤ ਵਿੱਚ ਕਿਸਾਨਾਂ ਵੱਲੋਂ ਪਰਾਲੀ ਸਾੜਨ ਦੀਆਂ ਖ਼ਬਰਾਂ ਨੇ ਦਿੱਲੀ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।
ਉਧਰ ਪ੍ਰਦੂਸ਼ਣ ਕਾਬੂ ਕਰਨ ਲਈ ਦਿੱਲੀ ਸਰਕਾਰ ਨੇ ਵੀ ਕਮਰ ਕੱਸ ਲਈ ਹੈ। ਧੂੜ ਨੂੰ ਰੋਕਣ ਲਈ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਅੱਜ ਸ਼ੁਰੂ ਕੀਤੀ ਗਈ ਹੈ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਇ ਨੇ ਕਿਹਾ ਕਿ ਮੁਹਿੰਮ ਸ਼ੁਰੂ ਕਰਨ ਲਈ ਇਸ ਨੂੰ ਲਾਗੂ ਕਰਨ ਲਈ 586 ਟੀਮਾਂ ਬਣਾਈਆਂ ਗਈਆਂ ਹਨ।
ਸਿਵਲ ਲਾਈਨਜ਼ ਸਥਿਤ ਆਪਣੀ ਰਿਹਾਇਸ਼ ’ਤੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਕੌਮੀ ਰਾਜਧਾਨੀ ’ਚ ਲਾਗੂ ਕੀਤੇ ਗਏ ਪ੍ਰਦੂਸ਼ਣ ਨਾਲ ਨਜਿੱਠਣ ਲਈ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਤਹਿਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਰਾਏ ਨੇ ਕਿਹਾ ਕਿ ਦਿੱਲੀ ਵਿੱਚ ਅੱਜ ਤੋਂ ਧੂੜ ਵਿਰੋਧੀ ਮੁਹਿੰਮ ਸ਼ੁਰੂ ਹੋ ਗਈ ਹੈ। ਸ਼ਹਿਰ ਭਰ ਵਿੱਚ ਉਸਾਰੀ ਵਾਲੀਆਂ ਥਾਵਾਂ ’ਤੇ ਧੂੜ ਦੇ ਪ੍ਰਦੂਸ਼ਣ ਨੂੰ ਰੋਕਣ ਲਈ 12 ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਦੀਆਂ 586 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਮੁਹਿੰਮ 6 ਨਵੰਬਰ ਤੱਕ ਇੱਕ ਮਹੀਨੇ ਤੱਕ ਜਾਰੀ ਰਹੇਗੀ।
ਇਹ ਟੀਮਾਂ ਨਿਰਮਾਣ ਸਥਾਨਾਂ ’ਤੇ ਅਚਨਚੇਤ ਨਿਰੀਖਣ ਕਰਨਗੀਆਂ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਪ੍ਰਦੂਸ਼ਣ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ। ਨਿਯਮਾਂ ਅਨੁਸਾਰ 5,000 ਵਰਗ ਮੀਟਰ ਤੋਂ ਵੱਡੀਆਂ ਉਸਾਰੀ ਵਾਲੀਆਂ ਥਾਵਾਂ ’ਤੇ ਇਕ ਐਂਟੀ-ਸਮੋਗ ਗੰਨ ਲਗਾਉਣੀ ਪਵੇਗੀ, 10,000 ਵਰਗ ਮੀਟਰ ਤੋਂ ਵੱਡੀਆਂ ਲਈ ਦੋ ਅਜਿਹੀਆਂ ਐਂਟੀ-ਸਮੋਗ ਗੰਨ ਤੇ 15,000 ਵਰਗ ਮੀਟਰ ਤੋਂ ਵੱਡੀਆਂ ਥਾਵਾਂ ’ਤੇ ਤਿੰਨ ਐਂਟੀ-ਸਮੋਗ ਗੰਨ ਲਗਾਉਣੀਆਂ ਪੈਣਗੀਆਂ। ਇਸੇ ਤਰ੍ਹਾਂ, 20,000 ਵਰਗ ਮੀਟਰ ਤੋਂ ਵੱਡੀਆਂ ਸਾਈਟਾਂ ਨੂੰ ਧੂੜ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਚਾਰ ਐਂਟੀ-ਸਮੋਗ ਗੰਨ ਲਗਾਉਣੀਆਂ ਪੈਣਗੀਆਂ।
ਹਵਾ ਪ੍ਰਦੂਸ਼ਣ ਨੂੰ ਮੌਸਮੀ ਸਮੱਸਿਆ ਨਹੀਂ ਮੰਨਿਆ ਜਾਣਾ ਚਾਹੀਦਾ: ਵਿਗਿਆਨੀ
ਦਿੱਲੀ ਵਿੱਚ ਵੀਰਵਾਰ ਨੂੰ ਸੰਸ਼ੋਧਿਤ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦੇ ਪਹਿਲੇ ਪੜਾਅ ਦੇ ਲਾਗੂ ਹੋਣ ਤੋਂ ਬਾਅਦ ਵਾਤਾਵਰਨ ਵਿਗਿਆਨੀਆਂ ਨੇ ਕਿਹਾ ਕਿ ਦਿੱਲੀ ਵਿੱਚ ਖਤਰਨਾਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਵਿਆਪਕ ਯੋਜਨਾ ਦੀ ਲੋੜ ਹੈ। ਸ਼ਹਿਰ ਵਿੱਚ ਖਤਰਨਾਕ ਪ੍ਰਦੂਸ਼ਣ ਨੂੰ ਘਟਾਓ ਤੇ ਹਵਾ ਪ੍ਰਦੂਸ਼ਣ ਨੂੰ ਮੌਸਮੀ ਸਮੱਸਿਆ ਵਜੋਂ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਬੁੱਧਵਾਰ ਨੂੰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦੇ ‘ਖਰਾਬ’ ਪੱਧਰ (211) ਤੱਕ ਡਿੱਗਣ ਤੋਂ ਬਾਅਦ ‘ਜੀਆਰਏਪੀ’ ਦਾ ਪਹਿਲਾ ਪੜਾਅ ਲਾਗੂ ਹੋਇਆ। 201-300 ਦੇ ਵਿਚਕਾਰ ਏਅਰ ਕੁਆਲਿਟੀ ਇੰਡੈਕਸ ਨੂੰ ‘ਮਾੜਾ’ ਮੰਨਿਆ ਜਾਂਦਾ ਹੈ। ਵਾਤਾਵਰਨ ਪ੍ਰੇਮੀ ਭਵਰੀਨ ਕੰਧਾਰੀ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਵਿਰੁੱਧ ਕਾਰਵਾਈ ਸਾਰਾ ਸਾਲ ਕੀਤੀ ਜਾਣੀ ਚਾਹੀਦੀ ਹੈ, ਇਹ ਪ੍ਰਦੂਸ਼ਣ ਨੂੰ ਰੋਕਣ ਲਈ ਸਾਲ ਭਰ ਕੋਈ ਢੁੱਕਵੀਂ ਨੀਤੀ ਨਹੀਂ ਹੈ। ਜੀਆਰਏਪੀ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਿਉਂ ਕਰਨਾ ਪੈਂਦਾ ਹੈ? ਅਸਲ ਕਾਰਵਾਈ ਸਾਰਾ ਸਾਲ ਹੋਣੀ ਚਾਹੀਦੀ ਹੈ। ਕੰਧਾਰੀ ਨੇ ਕਿਹਾ ਕਿ ਸਿਰਫ ਮੁਹਿੰਮਾਂ ਤੇ ਇਸ਼ਤਿਹਾਰਾਂ ਨਾਲ ਸਾਫ਼ ਹਵਾ ਨਹੀਂ ਮਿਲੇਗੀ ਤੇ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਦਸਹਿਰੇ ’ਤੇ ਪਟਾਕਿਆਂ ’ਤੇ ਪਾਬੰਦੀ ਦੀ ਗੱਲ ਕਹੀ, ਸਾਲ ਦੇ ਸ਼ੁਰੂ ਵਿਚ ਹੀ ਲਾਇਸੈਂਸ ਪਹਿਲਾਂ ਕਿਉਂ ਜਾਰੀ ਕੀਤੇ ਗਏ ਸਨ?’’ ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀਆਰਈਏ) ਦੇ ਵਿਸ਼ਲੇਸ਼ਕ ਸੁਨੀਲ ਦਹੀਆ ਨੇ ਕਿਹਾ ਕਿ ਖਤਰਨਾਕ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਤੇ ਜਨਤਕ ਸਿਹਤ ਦੀ ਸੁਰੱਖਿਆ ਲਈ ਵਿਆਪਕ ਕਾਰਵਾਈ ਦੀ ਲੋੜ ਹੈ। ਦਹੀਆ ਨੇ ਕਿਹਾ ਕਿ ਜੀਆਰਏਪੀ ਨੂੰ ਲਾਗੂ ਕਰਨਾ ਚੰਗਾ ਹੈ। ‘ਗ੍ਰੀਨਪੀਸ ਇੰਡੀਆ’ ਦੇ ਅਵਿਨਾਸ਼ ਚੰਚਲ ਨੇ ਕਿਹਾ ਕਿ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦੇ ਹੋਰ ਸਰੋਤਾਂ ਨੂੰ ਹੱਲ ਕਰਨ ਲਈ ਇੱਕ ਸਖ਼ਤ ਕਾਰਜ ਯੋਜਨਾ ਦੀ ਲੋੜ ਹੈ। ਜੀਆਰਏਪੀ ਨੂੰ ਸਰਗਰਮ ਕਰਨ ਲਈ ਹਵਾ ਦੀ ਗੁਣਵੱਤਾ ਦੇ ਮਾਪਦੰਡਾਂ ਦੇ ਅਧਾਰ ਨੂੰ ਸੋਧਣ ਦਾ ਇਹ ਉੱਚਿਤ ਸਮਾਂ ਹੈ ਤੇ ਇਹ ਵਿਸ਼ਵ ਸਿਹਤ ਸੰਗਠਨ ਤੇ ਰਾਸ਼ਟਰੀ ਹਵਾ ਗੁਣਵੱਤਾ ਮਿਆਰਾਂ ਦੇ ਨੇੜੇ ਹੋਣਾ ਚਾਹੀਦਾ ਹੈ। ਬੁੱਧਵਾਰ ਨੂੰ ਦਿੱਲੀ ਦਾ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ ਸ਼ਾਮ 4 ਵਜੇ 211 ’ਤੇ ਰਿਹ ਜੋ ਮੰਗਲਵਾਰ ਨੂੰ ਸ਼ਾਮ 4 ਵਜੇ 150 ਤੋਂ ਵਿਗੜ ਗਿਆ। ਬੁੱਧਵਾਰ ਨੂੰ ਗਾਜ਼ੀਆਬਾਦ ਵਿੱਚ ਇਹ 248, ਫਰੀਦਾਬਾਦ ਵਿੱਚ 196, ਗ੍ਰੇਟਰ ਨੋਇਡਾ ਵਿੱਚ 234, ਗੁਰੂਗ੍ਰਾਮ ਵਿੱਚ 238 ਤੇ ਨੋਇਡਾ ਵਿੱਚ 215 ਸੀ।
ਪ੍ਰਦੂਸ਼ਣ ਲਈ ਭਾਜਪਾ ਤੇ ‘ਆਪ’ ਬਰਾਬਰ ਜ਼ਿੰਮੇਵਾਰ: ਕਾਂਗਰਸ
ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਹਰ ਸਾਲ ਸਰਦੀਆਂ ਵਿੱਚ ਪ੍ਰਦੂਸ਼ਣ ਕਾਰਨ ਦਮ ਘੁੱਟ ਜਾਂਦਾ ਹੈ ਪਰ ਇਸ ਸਾਲ ਅਕਤੂਬਰ ਦੀ ਸ਼ੁਰੂਆਤ ਤੋਂ ਹੀ ਹਵਾ ਪ੍ਰਦੂਸ਼ਣ ਦਾ ਏਕਿਊਆਈ ਰਿਕਾਰਡ ਤੋੜ ਪੱਧਰ ’ਤੇ ਪਹੁੰਚ ਗਿਆ ਹੈ। ਸੂਬਾ ਪ੍ਰਧਾਨ ਨੇ ਦੋਸ਼ ਲਾਇਆ ਕਿ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਕੇਜਰੀਵਾਲ ਦੇ ਲੱਖ ਦਾਅਵਿਆਂ ਦੇ ਬਾਵਜੂਦ, ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਈਪੀਆਈਸੀ ਦੁਆਰਾ ਜੂਨ 2022 ਵਿੱਚ ਜਾਰੀ ਏਅਰ ਕੁਆਲਿਟੀ ਲਾਈਫ ਇੰਡੈਕਸ ਅਨੁਸਾਰ ਰਾਜਧਾਨੀ ਦਿੱਲੀ ਦੁਨੀਆ ਦੇ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਪਹਿਲੇ ਨੰਬਰ ’ਤੇ ਹੈ। ਸ੍ਰੀ ਅਨਿਲ ਕੁਮਾਰ ਨੇ ਕਿਹਾ ਕਿ ਰਾਜਧਾਨੀ ਵਿੱਚ ਵੱਧ ਰਹੇ ਪ੍ਰਦੂਸ਼ਣ ਲਈ ਭਾਜਪਾ ਤੇ ਆਮ ਆਦਮੀ ਪਾਰਟੀ ਦੋਵੇਂ ਬਰਾਬਰ ਜ਼ਿੰਮੇਵਾਰ ਹਨ।