ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਦਸੰਬਰ
ਸਫਦਰਜੰਗ ਵਿੱਚ ਅੱਜ ਸਵੇਰੇ ਘੱਟੋ-ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤੇ ਜਾਣ ਨਾਲ ਦਿੱਲੀ ਵਾਸੀ ਇਸ ਸਾਲ ਦੀ ਸਭ ਤੋਂ ਠੰਢੀ ਸਵੇਰ ਤੇ ਹਲਕੀ ਧੁੰਦ ਭਰੇ ਅਸਮਾਨ ਹੇਠ ਜਾਗੇ। ਤੇਜ਼ ਹਵਾਵਾਂ ਚੱਲਣ ਕਾਰਨ ਉਨ੍ਹਾਂ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਜੋ ਬੇਘਰ ਹਨ। ਇਸ ਵਾਰ ਸਮਾਜ ਸੇਵੀ ਸੰਸਥਾਵਾਂ ਵੀ ਅਜੇ ਬੇਘਰ ਲੋਕਾਂ ਦੀ ਮਦਦ ਲਈ ਨਹੀਂ ਬਹੁੜੀਆਂ। ਐੱਨਸੀਆਰ ਦੇ ਇਲਾਕਿਆਂ ਵਿੱਚ ਵੀ ਠੰਢ ਦਾ ਕਹਿਰ ਜਾਰੀ ਹੈ ਤੇ ਲੋਕਾਂ ਨੂੰ ਠੰਢ ਨਾਲ ਠਰਦੇ ਦੇਖਿਆ ਗਿਆ। ਲੋਕਾਂ ਨੇ ਧੂਣੀਆਂ ਜਲਾ ਕੇ ਖ਼ੁਦ ਨੂੰ ਠੰਢ ਤੋਂ ਬਚਾਉਣ ਦੇ ਉਪਰਾਲੇ ਕੀਤੇ। ਐਨਸੀਆਰ ਦੇ ਪੇਂਡੂ ਇਲਾਕਿਆਂ ਵਿੱਚ ਸ਼ਹਿਰੀ ਖੇਤਰਾਂ ਨਾਲੋਂ ਠੰਢ ਵੱਧ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਆਰ. ਕੇ ਜੇਨਾਮਾਨੀ ਦੇ ਅਨੁਸਾਰ ਸਫਦਰਜੰਗ ਵਿੱਚ ਅੱਜ ਤਾਪਮਾਨ 4.6 ਦਰਜ ਕੀਤਾ ਗਿਆ, ਹਾਲਾਂਕਿ ਤਾਪਮਾਨ ਵਿੱਚ ਸੁਧਾਰ ਹੋਣ ਕਾਰਨ 21 ਦਸੰਬਰ ਤੋਂ ਸੀਤ ਲਹਿਰ ਦੀ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਮੁਤਾਬਿਕ 24 ਤੇ 25 ਦਸੰਬਰ ਨੂੰ ਮੀਂਹ ਪੈ ਸਕਦਾ ਹੈ। ਇਸ ਦੌਰਾਨ ਉਨ੍ਹਾਂ ਸਥਿਤੀ ’ਤੇ ਨਿਗਰਾਨੀ ਰੱਖਣ ਦਾ ਦਾਅਵਾ ਕੀਤਾ। ਜੇਨਾਮਨੀ ਨੇ ਅੱਗੇ ਕਿਹਾ, ‘22 ਦਸੰਬਰ ਤੋਂ ਪੱਛਮੀ ਗੜਬੜੀ ਨੇੜੇ ਆ ਰਹੀ ਹੈ। 21 ਤੋਂ ਘੱਟੋ-ਘੱਟ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ। ਅਸੀਂ ਰਾਜਸਥਾਨ ਪੰਜਾਬ ਤੇ ਹਰਿਆਣਾ ਲਈ ਕਲਰ ਅਲਰਟ ਦੇ ਰਹੇ ਹਾਂ। ਦਿੱਲੀ ਦਾ ਤਾਪਮਾਨ ਵੀ 21 ਦਸੰਬਰ ਦੀ ਰਾਤ ਤੋਂ ਵੱਧ ਜਾਵੇਗਾ। ਦਿੱਲੀ ਵਿੱਚ ਸੰਘਣੀ ਧੁੰਦ ਆਉਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ, ਅਸੀਂ ਨਿਗਰਾਨੀ ਕਰ ਰਹੇ ਹਾਂ। ਦਿੱਲੀ ਵਿੱਚ ਅੱਜ ਤੱਕ ਸੰਘਣੀ ਧੁੰਦ ਨਹੀਂ ਹੈ।’ ਉਨ੍ਹਾਂ ਕਿਹਾ ਕਿ ਤੇਜ਼, ਖੁਸ਼ਕ ਉੱਤਰ-ਪੱਛਮੀ ਠੰਢੀ ਹਵਾ ਦੇ ਕਾਰਨ ਰਾਜਧਾਨੀ ਵਿੱਚ ਪਿਛਲੇ ਦੋ ਦਿਨਾਂ ਤੋਂ ਸੀਤ ਲਹਿਰ ਦੇ ਹਾਲਾਤ ਬਣੇ ਹੋਏ ਹਨ।