ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਮਾਰਚ
ਕੌਮੀ ਕੁਦਰਤੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਆਰਐੱਫ) ਨੇ ਅੱਜ ਦਿੱਲੀ ਸਥਿਤ ਰੋਹਿਣੀ ਦੇ ਸੈਕਟਰ 16 ਵਿੱਚ ਸੀਵਰ ਲਾਈਨ ’ਚ ਫਸੇ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਐੱਨਡੀਆਰਐੱਫ ਦੇ ਅਸਿਸਟੈਂਟ ਕਮਾਂਡੈਂਟ ਸ੍ਰੀ ਨਿਵਾਸ ਨੇ ਕਿਹਾ, ‘ਬਚਾਅ ਕਾਰਜ ਪੂਰਾ ਹੋ ਗਿਆ ਹੈ। ਅਸੀਂ ਸੀਵਰ ਲਾਈਨ ਤੋਂ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ’’। ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਮਜ਼ਦੂਰਾਂ ਦੀ ਪਛਾਣ ਬੱਚੂ ਸਿੰਘ, ਪਿੰਟੂ ਤੇ ਸੂਰਜ ਕੁਮਾਰ ਸਾਹਨੀ ਵਜੋਂ ਹੋਈ ਹੈ, ਜਦਕਿ ਰਿਕਸ਼ਾ ਚਾਲਕ ਦੀ ਪਛਾਣ ਸਤੀਸ਼ (38) ਵਾਸੀ ਸਰਦਾਰ ਕਾਲੋਨੀ, ਰੋਹਿਣੀ ਸੈਕਟਰ-16 ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਪਹਿਲਾਂ ਅੰਦਰ ਡਿੱਗਣ ਵਾਲੇ ਤਿੰਨ ਵਿਅਕਤੀ ਨਿੱਜੀ ਠੇਕੇ ਦੇ ਕਰਮਚਾਰੀ ਸਨ ਜੋ ਘਟਨਾ ਦੇ ਸਮੇਂ ਐੱਮਟੀਐੱਨਐੱਲ ਲਾਈਨਾਂ ‘ਤੇ ਕੰਮ ਕਰ ਰਹੇ ਸਨ। ਇਸ ਤੋਂ ਪਹਿਲਾਂ ਮੰਗਲਵਾਰ 29 ਮਾਰਚ ਦੀ ਰਾਤ ਨੂੰ ਰੋਹਿਣੀ ਦੇ ਸੈਕਟਰ 16 ਵਿੱਚ ਸੀਵਰ ਲਾਈਨ ਵਿੱਚ ਚਾਰ ਲੋਕਾਂ ਦੇ ਫਸ ਜਾਣ ਤੋਂ ਬਾਅਦ ਐੱਨਡੀਆਰਐੱਫ ਨੇ ਬਚਾਅ ਕਾਰਜ ਸ਼ੁਰੂ ਕੀਤਾ, ਜਦੋਂ ਕਿ ਮੰਗਲਵਾਰ ਸ਼ਾਮ ਨੂੰ ਸਾਮੇਪੁਰ ਬਦਲੀ ਪੁਲੀਸ ਸਟੇਸ਼ਨ ‘ਤੇ ਸ਼ਾਮ ਸਾਢੇ ਛੇ ਵਜੇ ਪੁਲੀਸ ਕੰਟਰੋਲ ਰੂਮ (ਪੀਸੀਆਰ) ਦਾ ਫੋਨ ਆਇਆ, ਜਿਸ ਮਗਰੋਂ ਪੁਲੀਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਲਈ ਇਲਾਕੇ ਨੂੰ ਘੇਰ ਲਿਆ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਵੀ ਬਚਾਅ ਮੁਹਿੰਮ ਦਾ ਹਿੱਸਾ ਸੀ। ਇਹ ਘਟਨਾ ਉੱਤਰ ਪੱਛਮੀ ਦਿੱਲੀ ਦੇ ਸੰਜੇ ਗਾਂਧੀ ਟਰਾਂਸਪੋਰਟ ਨਗਰ ‘ਚ ਵਾਪਰੀ ਸੀ।
ਕੇਵਾਈਐੱਸ ਵੱਲੋਂ ਦਿੱਲੀ ਸਰਕਾਰ ਦੀ ਨਿਖੇਧੀ਼
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਨੇ ਦਿੱਲੀ ਦੇ ਸੰਜੈ ਗਾਂਧੀ ਟਰਾਂਸਪੋਰਟ ਨਗਰ ਇਲਾਕੇ ਵਿੱਚ ਸੀਵਰ ਵਿੱਚ ਡਿੱਗਣ ਕਾਰਨ ਚਾਰ ਮਜ਼ਦੂਰਾਂ ਦੀ ਹੋਈ ਮੌਤ ਦੀ ਘਟਨਾ ਦੇ ਰੋਸ ਵਜੋਂ ਦਿੱਲੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ। ਕੇਵਾਈਐੱਸ ਨੇ ਦੱਸਿਆ ਕਿ ਵਾਰ-ਵਾਰ ਅਜਿਹੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਦਿੱਲੀ ਸਰਕਾਰ ਮਜ਼ਦੂਰਾਂ ਲਈ ਸੁਰੱਖਿਅਤ ਕੰਮਕਾਜੀ ਮਾਹੌਲ ਯਕੀਨੀ ਬਣਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਨਿੱਜੀ ਠੇਕੇਦਾਰ ਵੱਲੋਂ ਕਿਰਾਏ ‘ਤੇ ਰੱਖੇ ਤਿੰਨ ਮਜ਼ਦੂਰਾਂ ਨੂੰ ਐਮਟੀਐਨਐਲ ਦੀਆਂ ਤਾਰਾਂ ਦੀ ਮੁਰੰਮਤ ਲਈ ਭੇਜਿਆ ਗਿਆ ਸੀ। ਪੁਲੀਸ ਅਨੁਸਾਰ ਤਾਰਾਂ ਨੂੰ ਇੱਕ ਲੋਹੇ ਦੇ ਜਾਲ ਦੇ ਉੱਪਰ ਰੱਖਿਆ ਗਿਆ ਸੀ ਜੋ ਮਜ਼ਦੂਰਾਂ ਦਾ ਭਾਰ ਨਾ ਝੱਲਣ ਕਾਰਨ ਲੋਹੇ ਦਾ ਜਾਲ ਟੁੱਟ ਗਿਆ, ਜਿਸ ਕਾਰਨ ਮਜ਼ਦੂਰ ਸੀਵਰੇਜ ਵਿੱਚ ਡਿੱਗ ਗਏ।