ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਗਸਤ
ਦਿੱਲੀ ਦੇ ਪੀਤਮਪੁਰਾ ਵਿਚ ਇਕ ਇਮਾਰਤ ਨੂੰ ਦਿਨ ਵੇਲੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਮਗਰੋਂ ਇਮਾਰਤ ਵਿੱਚ ਸਥਿਤ ਇਕ ਕਲੀਨਿਕ ਅੰਦਰ ਫਸੀਆਂ 4 ਔਰਤਾਂ ਨੂੰ ਦਿੱਲੀ ਫਾਇਰ ਸਰਵਿਸ ਦੇ ਅੱਗ ਬੁਝਾਊ ਦਸਤੇ ਵੱਲੋਂ ਬਚਾਇਆ ਗਿਆ। ਇਸ ਦੌਰਾਨ ਚਾਰ ਔਰਤਾਂ ਨੂੰ ਇਕ ਮੰਜ਼ਿਲ ਤੇ ਪੰਜਵੀਂ ਔਰਤ ਨੂੰ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਬਚਾਇਆ ਗਿਆ।
ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁੱਲ ਗਰਗ ਨੇ ਦੱਸਿਆ ਕਿ ਮਹਿਕਮੇ ਨੂੰ ਪੀਤਮਪੁਰਾ ਦੀ ਰਾਜਧਾਨੀ ਐਨਕਲੈਵ ਵਿੱਚ ਇਕ ਇਮਾਰਤ ਵਿੱਚੋਂ ਧੂੰਆਂ ਫੈਲਣ ’ਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦਿੱਤੀਆਂ। ਜਿਉਂ ਹੀ ਇਹ ਸੂਚਨਾ ਮਿਲੀ ਤਾਂ 7 ਅੱਗ ਬੁਝਾਊ ਇੰਜਣ ਮੌਕੇ ਉਪਰ ਭੇਜੇ ਗਏ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ 27 ਸਾਲਾਂ ਦੀ ਸਵਾਤੀ, 52 ਸਾਲ ਦੀ ਲਕਸ਼ਮੀ ਕੰਸਲ, 25 ਸਾਲਾਂ ਦੀ ਪ੍ਰਿਧੀ ਕੰਸਲ, 23 ਸਾਲਾਂ ਦੀ ਮਲਿਕਾ ਕੰਸਲ ਤੇ ਆਸ਼ਾ ਰਾਣੀ ਨੂੰ ਸੁਰੱਖਿਅਤ ਬਚਾਅ ਲਿਆ ਗਿਆ।