ਕੁਲਦੀਪ ਸਿੰਘ
ਨਵੀਂ ਦਿੱਲੀ, 21 ਜੂਨ
ਭਾਈ ਵੀਰ ਸਿੰਘ ਸਾਹਿਤ ਸਦਨ ਅਤੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਸਦਨ ਦੇ ਕਾਨਫ਼ਰੰਸ ਹਾਲ ’ਚ ਮਰਹੂਮ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਯਾਦ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪ੍ਰੋ. ਅਮਰਜੀਤ ਗਰੇਵਾਲ ਅਤੇ ਗਜ਼ਲਗੋ ਜਸਵੰਤ ਜ਼ਫ਼ਰ ਨੇ ਡਾ. ਪਾਤਰ ਪ੍ਰਤੀ ਅਕੀਦਤ ਭੇਟ ਕਰਦਿਆਂ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬੀ ਅਕਾਦਮੀ, ਦਿੱਲੀ ਦੇ ਵਾਈਸ ਚੇਅਰਮੈਨ ਹਰਸ਼ਰਨ ਸਿੰਘ ਬੱਲੀ ਨੇ ਕੀਤੀ। ਪ੍ਰੋਗਰਾਮ ਦਾ ਆਰੰਭ ਕਰਦਿਆਂ ਪ੍ਰੋ. ਕੁਲਵੀਰ ਗੋਜਰਾ ਨੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਡਾ. ਸੁਰਜੀਤ ਪਾਤਰ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਪਰੰਤ ਪੰਜਾਬੀ ਅਕਾਦਮੀ ਦੇ ਸਕੱਤਰ ਅਜੈ ਅਰੋੜਾ ਨੇ ਕਾਫ਼ੀ ਸਮੇਂ ਬਾਅਦ ਮੁੜ ਸ਼ੁਰੂ ਹੋਏ ਪ੍ਰੋਗਰਾਮ ‘ਸਾਹਿਤਕ ਮਿਲਣੀ’ ’ਤੇ ਖੁਸ਼ੀ ਜ਼ਾਹਰ ਕਰਦਿਆਂ ਸਭ ਨੂੰ ਜੀਓ-ਆਇਆਂ ਕਿਹਾ। ਡਾ. ਅਮਰਜੀਤ ਗਰੇਵਾਲ ਨੇ ਸੁਰਜੀਤ ਪਾਤਰ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਅਜਿਹਾ ਸ਼ਾਇਰ ਕਿਹਾ ਜਿਨ੍ਹਾਂ ਨੂੰ ਸਮੇਂ ਦੀ ਡੂੰਘੀ ਸਮਝ ਸੀ। ਉਪਰੰਤ ਜਸਵੰਤ ਜ਼ਫ਼ਰ ਨੇ ਡਾ. ਪਾਤਰ ਨਾਲ ਸਬੰਧਤ ਉਨ੍ਹਾਂ ਯਾਦਾਂ ਨੂੰ ਸਾਂਝਾ ਕੀਤਾ ਜਿਹੜੀਆਂ ਪਾਤਰ ਨੂੰ ਇੱਕ ਵੱਡਾ ਸ਼ਾਇਰ ਹੋਣ ਤੋਂ ਇਲਾਵਾ ਵੱਡਾ ਇਨਸਾਨ ਵੀ ਬਣਾਉਂਦੀਆਂ ਸਨ। ਉਨ੍ਹਾਂ ਅਨੁਸਾਰ ਪਾਤਰ ਅੰਦਰੋਂ ਪੰਜਾਬ ਬੋਲਦਾ ਸੀ। ਪੰਜਾਬ ਦਾ ਦਰਦ ਰੱਖਦੇ ਪਾਤਰ ਅੰਦਰ ਦੂਜਿਆਂ ਨੂੰ ਵੱਡਾ ਬਣਾਉਣ ਅਤੇ ਉਨ੍ਹਾਂ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨ ਦਾ ਵੀ ਗੁਣ ਸੀ। ਅਖੀਰ ’ਚ ਹਰਸ਼ਰਨ ਸਿੰਘ ਬੱਲੀ ਨੇ ਪਾਤਰ ਨੂੰ ਸੱਚਾ-ਸੁੱਚਾ ਮਹਾਨ ਪੰਜਾਬੀ ਸ਼ਾਇਰ ਦੱਸਦਿਆਂ ਪਹੁੰਚੇ ਸਭ ਵਕਤਿਆਂ ਤੇ ਸਰੋਤਿਆਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਵੀਰ ਮਾਧੋਪੁਰੀ, ਡਾ. ਕੁਲਦੀਪ ਕੌਰ ਪਾਹਵਾ, ਡਾ. ਮੁਨੀਸ਼, ਕਵੀ ਜਸਵੰਤ ਸਿੰਘ ਸੇਖਵਾਂ, ਡਾ. ਕਰਨਜੀਤ ਸਿੰਘ ਕੋਮਲ ਸਣੇ ਯੂਨੀਵਰਸਿਟੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ।