ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਕਤੂਬਰ
ਕੌਮੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਅੱਜ ਸਵੇਰੇ ‘ਮਾੜੀ’ ਸ਼੍ੇਣੀ ’ਚ ਦਰਜ ਕੀਤੀ ਗਈ, ਜਦੋਂਕਿ ਇੱਕ ਸਰਕਾਰੀ ਏਜੰਸੀ ਨੇ ਕਿਹਾ ਕਿ ਹਵਾ ਦੀ ਦਿਸ਼ਾ ’ਚ ਤਬਦੀਲੀ ਆਉਣ ਕਾਰਨ ਆਉਣ ਵਾਲੇ ਦਿਨਾਂ ’ਚ ਇਸ ਦੇ ਥੋੜ੍ਹੇ ਸੁਧਾਰ ਹੋਣ ਦੀ ਸੰਭਾਵਨਾ ਹੈ।
ਸ਼ਹਿਰ ਵਿੱਚ ਸਵੇਰੇ 10:30 ਵਜੇ ਸਮੁੱਚਾ ਹਵਾ ਗੁਣਵਤਾ ਸੂਚਕ ਅੰਕ (ਏਕਿਯੂਆਈ) 218 ਦਰਜ ਕੀਤਾ ਗਿਆ। ਰਾਜਧਾਨੀ ਵਿੱਚ ਜਹਾਂਗੀਰਪੁਰੀ ’ਚ (ਏਕਿਯੂਆਈ 283) ਸਭ ਤੋਂ ਵੱਧ ਪ੍ਰਦੂਸ਼ਣ ਦਾ ਪੱਧਰ ਰਿਕਾਰਡ ਕੀਤਾ। ਬੀਤੇ ਦਿਨ ਏਕਿਯੂਆਈ 221 ਸੀ, ਜੋ ‘ਮਾੜੀ’ ਸ਼੍ਰੇਣੀ ’ਚ ਆਉਂਦਾ ਹੈ।
ਧਰਤੀ ਵਿਗਿਆਨ ਮੰਤਰਾਲੇ ਦੇ ਏਅਰ ਕੁਆਲਿਟੀ ਮਾਨੀਟਰ ‘ਸਫਰ’ ਨੇ ਕਿਹਾ ਕਿ ਏਕਿਯੂਆਈ ਸੋਮਵਾਰ ਤੱਕ ‘ਦਰਮਿਆਨੀ’ ਸ਼੍ਰੇਣੀ ’ਚ ਸੁਧਰਨ ਦੀ ਸੰਭਾਵਨਾ ਹੈ। ਸਫਰ ਨੇ ਦੱਸਿਆ ਕਿ ਐਤਵਾਰ ਨੂੰ ਪਾਕਿਸਤਾਨ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਨਾਲ ਲੱਗਦੇ ਪੰਜਾਬ ’ਚ ਖੇਤਾਂ ’ਚ ਅੱਗ ਲੱਗੀ ਦੇਖੀ ਗਈ ਜਿਸ ਦਾ ਅਸਰ ਦਿੱਲੀ ਦੀ ਹਵਾ ਦੀ ਗੁਣਵੱਤਾ ’ਤੇ ਪੈਣਾ ਹੈ। ਹਾਲਾਂਕਿ ਹਵਾ ਦੀ ਦਿਸ਼ਾ ਅਸਾਨੀ ਨਾਲ ਬਦਲੇਗੀ ਤੇ ਖੇਤ ਦੀਆਂ ਅੱਗਾਂ ਦਾ ਪ੍ਰਭਾਵ ਘੱਟ ਜਾਵੇਗਾ ।
ਅੱਜ ਸਵੇਰੇ ਦਿੱਲੀ ਦਾ ਘੱਟੋ ਘੱਟ ਤਾਪਮਾਨ 19.8 ਡਿਗਰੀ ਸੈਲਸੀਅਸ ਰਿਹਾ। ਹਵਾ ਦੀ ਵੱਧ ਤੋਂ ਵੱਧ ਰਫਤਾਰ 15 ਕਿਲੋਮੀਟਰ ਪ੍ਰਤੀ ਘੰਟਾ ਸੀ ਤੇ ਦਿਸ਼ਾ ਪੱਛਮ-ਉੱਤਰ-ਪੱਛਮੀ ਸੀ। ਘੱਟ ਤਾਪਮਾਨ ਤੇ ਠੰਢੀਆਂ ਹਵਾਵਾਂ ਧਰਤੀ ਦੇ ਨੇੜੇ ਪ੍ਰਦੂਸ਼ਕਾਂ ਨੂੰ ਇਕੱਠੇ ਕਰਨ ਵਿੱਚ ਸਹਾਇਤਾ ਕਰਦੀਆਂ ਹਨ ਤੇ ਹਵਾ ਦੀ ਗੁਣਵਤਾ ਨੂੰ ਪ੍ਰਭਾਵਤ ਕਰਦੀਆਂ ਹਨ।