ਪੱਤਰ ਪ੍ਰੇਰਕ
ਰਤੀਆ, 28 ਸਤੰਬਰ
ਸਿਟੀ ਵੈਲਫੇਅਰ ਕਲੱਬ ਦੇ ਪ੍ਰਧਾਨ ਅਸ਼ੋਕ ਚੋਪੜਾ ਐਡਵੋਕੇਟ ਨੇ ਆਦਮਪੁਰ ਤੋਂ ਟ੍ਰੀ ਮੈਨ ਤੇਲੂ ਰਾਮ ਸਹਾਰਨ ਦੀ ਨਰਸਰੀ ਤੋਂ ਲਿਆਂਦੇ ਗਏ ਵੱਖ ਵੱਖ ਕਿਸਮਾਂ ਦੇ ਪੌਦਿਆਂ ਨੂੰ ਪਿੰਡ ਮਿਰਾਨਾ ਸਥਿਤ ਫਾਰਮ ਹਾਊਸ ਵਿਚ ਲਗਾਇਆ। ਪ੍ਰਧਾਨ ਅਸ਼ੋਕ ਚੋਪੜਾ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਨੇ ਆਤਮਾ ਰਾਮ ਡੇਲੂ ਐਡਵੋਕੇਟ ਅਤੇ ਬਨਵਾਰੀ ਲਾਲ ਕਟਾਰੀਆ ਨਾਲ ਆਦਮਪੁਰ ਵਿਚ ਟ੍ਰੀ ਮੈਨ ਤੇਲੂ ਰਾਮ ਸਹਾਰਨ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਤੇਲੂ ਰਾਮ ਨੇ ਆਪਣੇ ਘਰ ਸਾਹਮਣੇ ਆਪਣੇ ਖੁਦ ਦੇ ਪਲਾਂਟ ਵਿਚ ਇਕ ਨਰਸਰੀ ਬਣਾਈ ਹੋਈ ਹੈ, ਜਿਸ ਵਿਚ ਹਜ਼ਾਰਾਂ ਪੌਦੇ ਲਗਾਏ ਗਏ ਹਨ। ਤੇਲੂ ਰਾਮ ਖੁਦ ਪੌਦੇ ਲਗਾਉਣ ਦੇ ਨਾਲ ਨਾਲ ਲੋਕਾਂ ਵਿਚ ਵੰਡਦੇ ਹਨ। ਤੇਲੂ ਰਾਮ ਅਤੇ ਉਨ੍ਹਾਂ ਦੀ ਟੀਮ ਰੋਜ਼ਾਨਾ ਘੱਟੋ ਘੱਟ ਇਕ ਸੌ ਪੌਦੇ ਲਗਾਉਂਦੀ ਹੈ। ਉਹ ਹੁਣ ਤੱਕ ਲੱਖਾਂ ਪੌਦੇ ਫਤਿਆਬਾਦ ਅਤੇ ਹਿਸਾਰ ਜ਼ਿਲ੍ਹੇ ਵਿਚ ਲਗਾ ਚੁੱਕੇ ਹਨ।