ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੁਲਾਈ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ’ਚ ਦਿੱਲੀ ਦੀ ਭਾਜਪਾ ਸ਼ਾਸਿਤ ਨਗਰ ਨਿਗਮ ਨੇ ਕਈ ਕਿਸਮਾਂ ਦੇ ਟੈਕਸਾਂ ਜਿਵੇਂ ਕਿ ਪੇਸ਼ੇਵਰ ਟੈਕਸ, ਵੈਲਥ ਟੈਕਸ ਵਿੱਚ ਵਾਧਾ ਕੀਤਾ ਹੈ, ਦੂਜੇ ਪਾਸੇ ਦਿੱਲੀ ’ਚ ਅਰਵਿੰਦ ਸਰਕਾਰ ਰਾਜਨੀਤੀ ਕਰ ਰਹੀ ਹੈ ਤੇ ਦੱਖਣੀ ਦਿੱਲੀ ਨਗਰ ਨਿਗਮ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਦਾ ਵਿਖਾਵਾ ਕਰ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਕਾਂਗਰਸ ਪ੍ਰਧਾਨ ਸ੍ਰੀ ਕੁਮਾਰ ਨੇ ਕਿਹਾ ਕਿ ਵਿਰੋਧ ਕਰਨ ਦੀ ਥਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਚਾਹੀਦਾ ਹੈ ਕਿ ਬਿਜਲੀ ਬਿੱਲਾਂ ’ਤੇ ਫਿਕਸ ਚਾਰਜ ਦਾ ਭਾਰ ਘੱਟ ਕਰੇ ਅਤੇ ਡੀਜ਼ਲ ਤੇ ਪੈਟਰੋਲ ’ਤੇ 30 ਫ਼ੀਸਦੀ ਵੈਟ ਘਟਾ ਕੇ ਦਿੱਲੀ ਦੇ ਲੋਕਾਂ ਨੂੰ ਰਾਹਤ ਦੇਵੇ।
ਉਨ੍ਹਾਂ ਕਿਹਾ ਕਿ ਦਿੱਲੀ ਨਗਰ ਨਿਗਮ ਤੇ ਅਰਵਿੰਦ ਸਰਕਾਰ ਮਿਲ ਕੇ ਲੋਕਾਂ ਦੀਆਂ ਜੇਬਾਂ ਕੱਟ ਰਹੇ ਹਨ। ਦੱਖਣੀ ਦਿੱਲੀ ਨਗਰ ਨਿਗਮ ਤਨਖ਼ਾਹਾਂ ਤੇ ਪੇਸ਼ੇਵਰਾਂ ’ਤੇ ਪੇਸ਼ੇਵਰ ਟੈਕਸ ਲਗਾ ਕੇ ਨਵੇਂ ਟੈਕਸ ਤਹਿਤ ਲੋਕਾਂ ’ਤੇ ਵਿੱਤੀ ਦਬਾਅ ਬਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਾਇਦਾਦ ਤਬਦੀਲੀ ਟੈਕਸ ਵੀ ਇੱਕ ਫ਼ੀਸਦੀ ਟੈਕਸ ਵਧਾਇਆ ਗਿਆ ਹੈ ਤੇ ਵਪਾਰਕ ਜਾਇਦਾਦ ਉੱਤੇ ਕਬਜ਼ਾ ਫੈਕਟਰ 1 ਤੋਂ ਫੈਕਟਰ 2 ਵਿੱਚ ਵਧਿਆ ਹੈ ਜਿਸ ਨਾਲ ਟੈਕਸ ਦੁੱਗਣਾ ਹੋ ਗਿਆ ਹੈ।