ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਸਿੱੱਖ ਵੋਟਰਾਂ ਨੇ ਇਸ ਵਾਰ ਚੋਣਾਂ ਤੋਂ ਐਨ ਪਹਿਲਾਂ ਦਲਬਦਲੀ ਕਰਨ ਵਾਲੇ ਸਿੱਖ ਆਗੂਆਂ ਤੇ ਕਮੇਟੀ ਮੈਂਬਰਾਂ ਨੂੰ ਕਰਾਰੀ ਹਾਰ ਦੇ ਕੇ ਝਟਕਾ ਦਿੱਤਾ ਹੈ। ਇਸੇ ਦੌਰਾਨ ਜਿੱਤੇ ਉਮੀਦਵਾਰਾਂ ਵੱਲੋਂ ਜੇਤੂ ਜਲੂਸ ਕੱਢਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ ਤੇ ਉਨ੍ਹਾਂ ਆਪਣੇ ਸਮਰਥਕਾਂ ਨਾਲ ਧੰਨਵਾਦੀ ਦੌਰੇ ਕੀਤੇ।
ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਿੱਚ ਚੋਣਾਂ ਤੋਂ ਪਹਿਲਾਂ ਸ਼ਾਮਲ ਹੋਣ ਵਾਲੇ ਕੁਲਵੰਤ ਸਿੰਘ ਬਾਠ (ਨਵੀਨ ਸ਼ਾਹਦਰਾ ਵਾਰਡ), ਹਰਿੰਦਰਪਾਲ ਸਿੰਘ (ਗੀਤਾ ਕਲੋਨੀ) ਨੂੰ ਬਾਦਲ ਧੜੇ ਦੇ ਉਮੀਦਵਾਰਾਂ ਨੇ ਹੀ ਮਾਤ ਦਿੱਤੀ। ਇਸ ਤੋਂ ਇਲਾਵਾ ਹੋਰ ਧਿਰਾਂ ਵਿੱਚੋਂ ਦਲ ਬਦਲੀ ਕਰਨ ਵਾਲਿਆਂ ਨੂੰ ਵੀ ਵੋਟਰਾਂ ਨੇ ਸਬਕ ਸਿਖਾਇਆ। ਅਜਿਹੇ ਉਮੀਦਵਾਰਾਂ ਵਿੱਚ ਪੰਥਕ ਸੇਵਾ ਦਲ ਨੂੰ ਛੱਡ ਕੇ ਬਾਦਲ ਧੜੇ ਵਿੱਚ ਸ਼ਾਮਲ ਹੋਣ ਵਾਲੇ ਇੰਦਰਜੀਤ ਸਿੰਘ ਮੌਂਟੀ, ਰਣਜੀਤ ਸਿੰਘ ਦੇ ਧੜੇ ਤੋਂ ਦਲ ਬਦਲੀ ਕਰਨ ਵਾਲੇ ਹਰਜਿੰਦਰ ਸਿੰਘ ਨੂੰ ਹਾਰ ਦਾ ਮੂੰਹ ਦੇਖਣਾ ਪਿਆ। 2017 ਵਿੱਚ ਆਜ਼ਾਦ ਜਿੱਤੇ ਗੁਰਮੀਤ ਸਿੰਘ ਸ਼ੰਟੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਪਰ ਫਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਿੱਚ ਚਲੇ ਗਏ ਤੇ ਇਸ ਵਾਰ ਨਵੇਂ ਉਮੀਦਵਾਰ ਤੋਂ ਹਾਰੇ। ਇਸੇ ਦੌਰਾਨ ਜਿੱਤੇ ਉਮੀਦਵਾਰਾਂ ਵੱਲੋਂ ਆਪਣੇ ਇਲਾਕਿਆਂ ਵਿੱਚ ਜੇਤੂ ਜਲੂਸ ਕੱਢੇ ਗਏ ਤੇ ਸਿੱਖ ਵੋਟਰਾਂ ਦਾ ਧੰਨਵਾਦ ਵੀ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸਰੂਪ ਨਗਰ ਵਾਰਡ ਤੋਂ ਜੇਤੂ ਸੁਖਬੀਰ ਸਿੰਘ ਕਾਲੜਾ ਨੇ ਇਲਾਕੇ ਦਾ ਦੌਰਾ ਕੀਤਾ ਤੇ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਮਜ਼ਬੂਤ ਵਿਰੋਧੀ ਧਿਰ ਵੱਜੋਂ ਉਹ ਹਾਂ-ਪੱੱਖੀ ਭੂਮਿਕਾ ਨਿਭਾਉਣਗੇ।
ਤਸਵੀਰਾਂ ਤੋਂ ਪ੍ਰਭਾਵਿਤ ਨਹੀਂ ਹੋਏ ਸਿੱਖ ਵੋਟਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੀਨੀਅਰ ਆਗੂਆਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀਆਂ ਤਸਵੀਰਾਂ ਨਹੀਂ ਲਾਈਆਂ। ਹਾਲਾਂ ਕਿ 2017 ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਬਾਦਲ ਧੜੇ ਨੂੰ ਘੱਟ ਹਲਕਿਆਂ ਵਿੱਚ ਜਿੱਤ ਪ੍ਰਾਪਤ ਹੋਈ ਹੈ। ਉਧਰ ਮਨਜੀਤ ਸਿੰਘ ਜੀਕੇ ਵੱਲੋਂ ਜਾਗੋ ਪਾਰਟੀ ਦੇ ਪ੍ਰਚਾਰ ਸਮੱਗਰੀ ਉਪਰ ਮਰਹੂਮ ਜਥੇਦਾਰ ਸੰਤੋਖ ਸਿੰਘ ਦੀਆਂ ਤਸਵੀਰਾਂ ਪ੍ਰਮੁੱਖਤਾ ਨਾਲ ਛਾਪੀਆਂ ਗਈਆਂ ਪਰ ਫਿਰ ਵੀ ਸਫਲਤਾ ਹੱਥ ਨਾ ਲੱਗੀ। ਸਰਦਾਰੇ-ਆਜ਼ਮ ਜੱਥੇਦਾਰ ਸੰਤੋਖ ਸਿੰਘ ਦੀਆਂ ਤਸਵੀਰਾਂ ਵੱਡ ਅਕਾਰੀ ਫਲੈਕਸਾਂ ਉਪਰ ਛਾਪੀਆਂ ਗਈਆਂ। ਸਰਨਾ ਧੜੇ ਨੇ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੀਆਂ ਤਸਵੀਰਾਂ ਪ੍ਰਮੁੱਖਤਾ ਨਾਲ ਛਾਪੀਆਂ ਪਰ ਸੱਤਾ ਤੋਂ ਦੂਰ ਹੀ ਰਹਿ ਗਏ। ਸ਼੍ਰੋਮਣੀ ਅਕਾਲੀ ਦਲ ਦੇ ਦਿਲਸ਼ਾਦ ਗਾਰਡਨ ਤੋਂ ਜਿੱਤੇ ਉਮੀਦਵਾਰ ਬਲਬੀਰ ਸਿੰਘ ਵਿਵੇਕ ਵਿਹਾਰ ਨੇ ਕਿਹਾ ਕਿ ਇਸ ਵਾਰ ਵੋਟਰਾਂ ਨੇੇ ਉਮੀਦਵਾਰਾਂ ਦੇ ਗੁਣਾਂ-ਦੋਸ਼ਾਂ ਉਪਰ ਜ਼ਿਆਦਾ ਧਿਆਨ ਦਿੱਤਾ ਨਾ ਕਿ ਹਾਈਟੈੱਕ ਚੋਣ ਪ੍ਰਚਾਰ ਉਪਰ। ਵੋਟਰ ਤਸਵੀਰਾਂ ਤੋਂ ਪ੍ਰਭਾਵਿਤ ਨਾ ਹੋ ਕੇ ਉਮੀਦਵਾਰਾਂ ਦੇ ਚੋਣ ਏਜੰਡੇ ਤੋਂ ਪ੍ਰਭਾਵਿਤ ਹੋਏ।