ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਗਨਾ ਰਣੌਤ, ਨਿਰਦੇਸ਼ਕ ਅਤੇ ਸਹਿ-ਨਿਰਮਾਤਾ ਦੁਆਰਾ ਆਪਣੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਵਿੱਚ ਸਿੱਖਾਂ ਨੂੰ ਵੱਖਵਾਦੀ ਵਜੋਂ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ’ਤੇ ਇਤਰਾਜ਼ ਕੀਤਾ ਗਿਆ ਹੈ। ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਹਾਲ ਹੀ ਵਿੱਚ ਜਾਰੀ ਕੀਤੇ ਗਏ ਟੀਜ਼ਰ ’ਚ ਦੇਖਿਆ ਗਿਆ ਹੈ ਕਿ ਜੂਨ 1984 ਦੇ ਸ਼ਹੀਦਾਂ ਬਾਰੇ ਇੱਕ ਸਿੱਖ ਵਿਰੋਧੀ ਬਿਰਤਾਂਤ ਰਚਿਆ ਗਿਆ ਹੈ ਅਤੇ ਇਸ ਫ਼ਿਲਮ ਵਿੱਚ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਚਰਿੱਤਰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਅਸੀਂ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਨੂੰ ਫ਼ਿਲਮ ਵਿਚਲੇ ਸਾਰੇ ਉਨ੍ਹਾਂ ਦ੍ਰਿਸ਼ਾਂ ਨੂੰ ਕੱਟਣ ਦੀ ਅਪੀਲ ਕਰਦੇ ਹਾਂ ਜੋ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹਨ।’’