ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜਨਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਕਮੇਟੀ ਨੇ ਸਿੰਘ ਸਭਾਵਾਂ ਵਿੱਚ ਭੇਟਾ ਰਹਿਤ ਪ੍ਰਚਾਰਕ, ਕੀਰਤਨੀਏ ਤੇ ਢਾਡੀ ਜਥੇ ਭੇਜਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਦੀਆਂ ਸਿੰਘ ਸਭਾਵਾਂ ਦੇ ਪ੍ਰਬੰਧਕਾਂ ਨੂੰ ਲਿਖੇ ਪੱਤਰ ਵਿੱਚ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਇਹ ਰਹੇਗੀ ਕਿ ਧਰਮ ਪ੍ਰਚਾਰ, ਗੁਰਬਾਣੀ, ਕੀਰਤਨ, ਸਿੱਖ ਇਤਿਹਾਸ ਅਤੇ ਪੰਜਾਬੀ ਬੋਲੀ ਦਾ ਪ੍ਰਚਾਰ-ਪ੍ਰਸਾਰ ਜ਼ੋਰ-ਸ਼ੋਰ ਨਾਲ ਕੀਤਾ ਜਾਵੇ, ਜਿਸ ਲਈ ਪਹਿਲੇ ਪੜਾਅ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਾਰਟ ਟਰਮ ਕੋਰਸ ਆਨਲਾਈਨ ਕਲਾਸਾਂ ਦੇ ਮਾਧਿਅਮ ਰਾਹੀਂ ਸ਼ਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ 125 ਬੈੱਡਾਂ ਵਾਲੇ ਬਾਲਾ ਸਾਹਿਬ ਹਸਪਤਾਲ ਦੇ ਪਹਿਲਾ ਫੇਜ਼ ਜਲਦੀ ਸ਼ੁਰੂ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦਾਂ ਵਾਸਤੇ ਚਲਾਈਆਂ ਜਾ ਰਹੀਆਂ ਸੇਵਾਵਾਂ ਜਿਵੇਂ ਐੱਮਆਰਆਈ, ਅਲਟਰਾਸਾਊਂਡ, ਡਿਜੀਟਲ ਐਕਸਰੇਅ ਤੇ ਭੇਟਾ-ਰਹਿਤ ਡਾਇਲਸਿਸ ਬਾਲਾ ਪ੍ਰੀਤਮ ਦਵਾਖਾਨਾ ਜਿੱਥੇ ਸਭ ਤੋਂ ਸਸਤੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਸ਼ਾਮਲ ਹਨ। ਉਨ੍ਹਾਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਆਪਣੇ ਗੁਰਦੁਆਰਾ ਸਾਹਿਬ ਦੇ ਲੈਟਰ ਹੈੱਡ ’ਤੇ ਲਿਖ ਕੇ ਭੇਜਣ ਦੀ ਖੇਚਲ ਕਰਨ। ਇਸ ਦੇ ਨਾਲ ਹੀ 1984 ਪੈਨਸ਼ਨ ਤੇ ਕੋਵਿਡ ਪੈਨਸ਼ਨ ਸਕੀਮ ਚੱਲਦੀਆਂ ਰਹਿਣਗੀਆਂ।