ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਅਪਰੈਲ
ਦਿੱਲੀ ਸਰਕਾਰ ਨੇ ਦਿੱਲੀ ’ਚ ਮੈਡੀਕਲ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਬੈਂਕਾਕ ਤੋਂ 18 ਟੈਂਕਰ ਤੇ ਫਰਾਂਸ ਤੋਂ 21 ਆਕਸੀਜਨ ਪਲਾਂਟ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ ਤੇ ਆਕਸੀਜਨ ਪਲਾਂਟਾਂ ਦੀ ਵਰਤੋਂ ਤੁਰੰਤ ਕੀਤੀ ਜਾ ਸਕਦੀ ਹੈ, ਨਾਲ ਹੀ ਅਗਲੇ ਇਕ ਮਹੀਨੇ ਦੇ ਅੰਦਰ-ਅੰਦਰ 44 ਆਕਸੀਜਨ ਪਲਾਂਟ ਲਗਾਏ ਜਾਣਗੇ। ਇਸ ’ਚ ਦਿੱਲੀ ਸਰਕਾਰ ਦੇ 8 ਕੇਂਦਰੀ ਤੇ 36 ਪਲਾਂਟ ਹੋਣਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 10 ਮਈ ਤੱਕ 1200 ਵਾਧੂ ਆਈਸੀਯੂ ਬੈੱਡ ਤਿਆਰ ਜਾਣਗੇ, ਇਸ ਨਾਲ ਗੰਭੀਰ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ।
ਕੇਜਰੀਵਾਲ ਨੇ ਡਿਜੀਟਲ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਦਿੱਲੀ ’ਚ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵੇਖਣ ’ਚ ਆਇਆ ਹੈ ਕਿ ਕੇਂਦਰ ਸਰਕਾਰ ਨੇ ਜੋ ਆਕਸੀਜਨ ਦੀ ਮਾਤਰਾ ਦਿੱਲੀ ਨੂੰ ਦਿੱਤੀ ਹੈ, ਸਾਨੂੰ ਇਸ ਨੂੰ ਪ੍ਰਾਪਤ ਕਰਨ ’ਚ ਵੀ ਪ੍ਰੇਸ਼ਾਨੀ ਹੋ ਰਹੀ ਹੈ ਕਿਉਂਕਿ ਇਸ ਸਮੇਂ ਟੈਂਕਰਾਂ ਦੀ ਘਾਟ ਹੈ। ਆਕਸੀਜਨ ਅਜੇ ਵੀ ਇੱਥੇ-ਉਥੇ ਪਾਈ ਜਾ ਰਹੀ ਹੈ ਪਰ ਟੈਂਕਰਾਂ ਦੀ ਘਾਟ ਹੈ। ਇਸ ਲਈ ਦਿੱਲੀ ਸਰਕਾਰ ਨੇ ਬੈਂਕਾਕ ਤੋਂ 18 ਟੈਂਕਰ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ, ‘ਅਸੀਂ ਕੇਂਦਰ ਸਰਕਾਰ ਨੂੰ ਇਸ ਲਈ ਹਵਾਈ ਅੱਡਾ ਦਾ ਜਹਾਜ਼ ਮੁਹੱਈਆ ਕਰਾਉਣ ਦੀ ਬੇਨਤੀ ਕੀਤੀ ਹੈ। ਗੱਲਬਾਤ ਜਾਰੀ ਹੈ ਅਤੇ ਮੈਂ ਪੂਰੀ ਉਮੀਦ ਕਰਦਾ ਹਾਂ ਕਿ ਗੱਲਬਾਤ ਸਫ਼ਲ ਹੋਵੇਗੀ। ਇਸ ’ਚ ਕੇਂਦਰ ਸਰਕਾਰ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਕੱਲ੍ਹ ਤੋਂ ਬੈਂਕਾਕ ਤੋਂ 18 ਟੈਂਕਰ ਆਉਣਾ ਸ਼ੁਰੂ ਹੋ ਜਾਣਗੇ ਤੇ ਸਾਰੇ ਟੈਂਕਰ ਆ ਜਾਣਗੇ ਤਾਂ ਆਕਸੀਜਨ਼ ਲਿਜਾਣ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ ਤੇ ਸਾਨੂੰ ਪੂਰੀ ਆਕਸੀਜਨ ਮਿਲਣੀ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਫਰਾਂਸ ਤੋਂ 21 ਆਕਸੀਜਨ ਪਲਾਂਟ ਦਰਾਮਦ ਕੀਤੇ ਜਾ ਰਹੇ। ਇਹ ਤੁਰੰਤ ਵਰਤੋਂ ਲਈ ਤਿਆਰ ਹਨ ਤੇ ਤੁਰੰਤ ਚਾਲੂ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ, ‘ਪਿਛਲੇ ਚਾਰ-ਪੰਜ ਦਿਨਾਂ ’ਚ ਮੈਂ ਦੇਸ਼ ਦੇ ਬਹੁਤ ਸਾਰੇ ਉਦਯੋਗਪਤੀਆਂ ਨੂੰ ਇੱਕ ਪੱਤਰ ਲਿਖਿਆ ਤੇ ਉਨ੍ਹਾਂ ਦੀ ਮਦਦ ਮੰਗੀ। ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਪੱਤਰ ਵੀ ਲਿਖਿਆ ਤੇ ਉਨ੍ਹਾਂ ਤੋਂ ਮਦਦ ਮੰਗੀ। ਇਸ ਤੋਂ ਬਾਅਦ ਸਾਨੂੰ ਬਹੁਤ ਵੱਡਾ ਸਮਰਥਨ ਮਿਲ ਰਿਹਾ ਹੈ, ਬਹੁਤ ਸਾਰੇ ਲੋਕਾਂ ਨੂੰ ਪੇਸ਼ਕਸ਼ਾਂ ਮਿਲੀਆਂ ਹਨ ਤੇ ਇਨ੍ਹਾਂ ਸਾਰਿਆਂ ਨਾਲ ਗੱਲਬਾਤ ਜਾਰੀ ਹੈ। ਬਹੁਤ ਸਾਰੀਆਂ ਚੀਜ਼ਾਂ ਬਹੁਤ ਤੇਜ਼ ਰਫਤਾਰ ਨਾਲ ਅੱਗੇ ਵਧ ਰਹੀਆਂ ਹਨ। ਉਨ੍ਹਾਂ ਵਿਚੋਂ ਬਹੁਤ ਸਾਰੇ ਮਦਦ ਕਰ ਰਹੇ ਹਨ। ਬਹੁਤੇ ਲੋਕਾਂ ਨੇ ਉਹੀ ਸ਼ਰਤ ਰੱਖੀ ਹੋਈ ਹੈ ਕਿ ਅਸੀਂ ਆਪਣੇ ਨਾਮ ਦਾ ਜ਼ਿਕਰ ਨਹੀਂ ਕਰਨਾ ਚਾਹੁੰਦੇ, ਅਸੀਂ ਉਸੇ ਤਰ੍ਹਾਂ ਤੁਹਾਡੀ ਮਦਦ ਕਰਾਂਗੇ’ ਕੇਜਰੀਵਾਲ ਨੇ ਕਿਹਾ ਕਿ ਵੀਰਵਾਰ, ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਦਿੱਲੀ ਦੇ ਹਸਪਤਾਲਾਂ ’ਚ ਬਹੁਤ ਜ਼ਿਆਦਾ ਦਹਿਸ਼ਤ ਸੀ। ਕਿਤੇ ਇਕ ਹਸਪਤਾਲ ’ਚ ਆਕਸੀਜਨ ਖ਼ਤਮ ਹੋਣ ਜਾ ਰਹੀ ਸੀ ਫਿਰ ਕਦੇ ਹਸਪਤਾਲ ’ਚ ਆਕਸੀਜਨ ਖ਼ਤਮ ਹੋਣ ਜਾ ਰਹੀ ਸੀ।
ਮੁੱਖ ਮੰਤਰੀ ਤੇ ਸਿਹਤ ਮੰਤਰੀ ਵੱਲੋਂ ਰਾਮ ਲੀਲਾ ਮੈਦਾਨ ਦਾ ਦੌਰਾ ਜੀਟੀਬੀ ਹਸਪਤਾਲ ਕੋਲ ਰਾਮਲੀਲਾ ਮੈਦਾਨ ਵਿੱਚ 500 ਆਈਸੀਯੂ ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਲੋਕ ਨਾਇਕ ਹਸਪਤਾਲ ਦੇ ਸਾਹਮਣੇ ਦਿੱਲੀ ਰਾਮ ਲੀਲਾ ਮੈਦਾਨ ਵਿੱਚ ਵੀ ਬਿਸਤਰਿਆਂ ਲਈ ਟੈਂਟ ਗੱਡੇ ਜਾ ਰਹੇ ਹਨ। ਛੱਤਰਪੁਰ ਦੇ ਰਾਧਾ ਸੁਆਮੀ ਸਤਿਸੰਗ ਵਿੱਚ 10 ਮਈ ਤੱਕ 1200 ਆਈਸੀਯੂ ਬਿਸਤਰੇ ਤਿਆਰ ਕਰ ਲਏ ਜਾਣਗੇ। ਮੁੱਖ ਮੰਤਰੀ ਨੇ ਸਿਹਤ ਮੰਤਰੀ ਸਤਿੰਦਰ ਜੈਨ ਤੇ ਅਧਿਕਾਰੀਆਂ ਨਾਲ ਰਾਮ ਲੀਲਾ ਮੈਦਾਨ ਦਾ ਦੌਰਾ ਕੀਤਾ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।