ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਮਈ
ਦਿੱਲੀ ਸਰਕਾਰ ਕਰੋਨਾ ਕਾਰਨ ਅਨਾਥ ਹੋਏ ਬੱਚਿਆਂ ਦੀ ਸਹਾਇਤਾ ਕਰੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਦੇ ਮਾਪਿਆਂ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ, ਉਨ੍ਹਾਂ ਬੱਚਿਆਂ ਦੀ ਸਿੱਖਿਆ ਤੇ ਪਾਲਣ ਪੋਸ਼ਣ ਲਈ ਸਾਰਾ ਖਰਚਾ ਦਿੱਲੀ ਸਰਕਾਰ ਚੁੱਕੇਗੀ। ਦਿੱਲੀ ਸਰਕਾਰ ਉਨ੍ਹਾਂ ਬਜ਼ੁਰਗਾਂ ਦੀ ਦੇਖਭਾਲ ਕਰੇਗੀ, ਜੋ ਹੁਣ ਕਮਾਉਣ ਵਾਲੇ ਬੱਚੇ ਗੁਆ ਚੁੱਕੇ ਹਨ। ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਗੁਆਂਢੀ ਤੇ ਰਿਸ਼ਤੇਦਾਰ ਅਜਿਹੇ ਬੱਚਿਆਂ ਤੇ ਬਜ਼ੁਰਗਾਂ ਨੂੰ ਆਪਣਾ ਪਿਆਰ ਅਤੇ ਹਮਦਰਦੀ ਦੇਣ।
ਮੁੱਖ ਮੰਤਰੀ ਨੇ ਕਿਹਾ, ‘‘ਪਿਛਲੇ ਕੁੱਝ ਦਿਨ ਸਾਡੇ ਸਾਰਿਆਂ ਲਈ ਬਹੁਤ ਦੁਖਦਾਈ ਰਹੇ। ਸਾਰੇ ਯਤਨਾਂ ਦੇ ਬਾਵਜੂਦ ਅਸੀਂ ਆਪਣੇ ਬਹੁਤ ਸਾਰੇ ਦਿੱਲੀ ਵਾਸੀਆਂ ਨੂੰ ਨਹੀਂ ਬਚਾ ਸਕੇ। ਬਹੁਤ ਸਾਰੇ ਪਰਿਵਾਰਾਂ ਵਿੱਚ ਇੱਕ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਨ੍ਹਾਂ ਸਾਰੀਆਂ ਰੂਹਾਂ ਨੂੰ ਸ਼ਾਂਤੀ ਪ੍ਰਦਾਨ ਕਰੇ। ਮੈਂ ਬਹੁਤ ਸਾਰੇ ਬੱਚਿਆਂ ਨੂੰ ਜਾਣਦਾ ਹਾਂ, ਜਿਨ੍ਹਾਂ ਦੇ ਮਾਪਿਆਂ ਦਾ ਦੇਹਾਂਤ ਹੋ ਗਿਆ। ਹੁਣ ਉਨ੍ਹਾਂ ਦਾ ਦੁਨੀਆ ਵਿਚ ਕੋਈ ਨਹੀਂ ਹੈ। ਮੈਂ ਅਜਿਹੇ ਸਾਰੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਦੇ ਦੁੱਖ ਨੂੰ ਸਮਝਦਾ ਹਾਂ ਪਰ ਤੁਸੀਂ ਬੱਚਿਓ, ਚਿੰਤਾ ਨਾ ਕਰੋ। ਆਪਣੇ ਆਪ ਨੂੰ ਅਨਾਥ ਨਾ ਸਮਝੋ। ਮੈਂ ਇਥੇ ਹਾਂ ਅਸੀਂ ਕਿਸੇ ਵੀ ਬੱਚੇ ਨੂੰ ਪੜ੍ਹਾਈ ਤੋਂ ਖੁੰਝਣ ਨਹੀਂ ਦੇਵਾਂਗੇ। ਹਰ ਬੱਚੇ ਦੀ ਸਿੱਖਿਆ ਜਾਰੀ ਰਹੇਗੀ। ਹਰ ਬੱਚੇ ਦੀ ਪੜ੍ਹਾਈ ਤੇ ਉਨ੍ਹਾਂ ਬੱਚਿਆਂ ਦੀ ਪਾਲਣ ਪੋਸ਼ਣ ਦਾ ਖਰਚਾ ਸਰਕਾਰ ਸਹਿਣ ਕਰੇਗੀ। ਬਹੁਤ ਸਾਰੇ ਬਜ਼ੁਰਗ ਹਨ, ਜਿਨ੍ਹਾਂ ਦੇ ਛੋਟੇ ਬੱਚੇ ਸਨ, ਉਹ ਕਮਾਈ ਕਰਦੇ ਸਨ। ਹੁਣ ਕਮਾਉਣ ਵਾਲੇ ਬੱਚੇ ਹੋਰ ਨਹੀਂ ਰਹੇ। ਮੈਂ ਅਜਿਹੇ ਸਾਰੇ ਬਜ਼ੁਰਗਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਬੱਚੇ ਚਲੇ ਗਏ ਹਨ। ਮੈਨੂੰ ਇਸ ਲਈ ਬਹੁਤ ਅਫ਼ਸੋਸ ਹੈ ਪਰ ਤੁਸੀਂ ਚਿੰਤਾ ਨਾ ਕਰੋ। ਤੁਹਾਡਾ ਬੇਟਾ ਅਜੇ ਵੀ ਜ਼ਿੰਦਾ ਹੈ।’
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿੱਚ ਦਾਖਲ ਕਰੋਨਾ ਮਰੀਜ਼ਾਂ ਦੀ ਗਿਣਤੀ ਵੀ ਘੱਟ ਗਈ ਹੈ। ਪਿਛਲੇ 10 ਦਿਨਾਂ ਵਿੱਚ ਦਿੱਲੀ ਦੇ ਹਸਪਤਾਲਾਂ ਵਿੱਚ ਕਰੋਨਾ ਦੇ 3000 ਤੋਂ ਵੱਧ ਮਰੀਜ਼ ਘਟੇ ਹਨ। ਇਸਦਾ ਅਰਥ ਇਹ ਹੈ ਕਿ ਹਸਪਤਾਲਾਂ ਵਿੱਚ 3000 ਤੋਂ ਵੱਧ ਕੋਵਿਡ ਬਿਸਤਰੇ ਖਾਲੀ ਹੋ ਗਏ ਹਨ। ਹੁਣ ਕੋਵਿਡ ਦੇ ਮਰੀਜ਼ਾਂ ਨੂੰ ਦਿੱਲੀ ਦੇ ਹਸਪਤਾਲਾਂ ਵਿਚ ਬਿਸਤਰੇ ਲੈਣ ਵਿਚ ਮੁਸ਼ਕਲ ਨਹੀਂ ਆ ਰਹੀ ਹੈ। ਹਾਲਾਂਕਿ, ਇਕ ਗੱਲ ਧਿਆਨ ਵਿਚ ਆਈ ਹੈ ਕਿ ਆਈਸੀਯੂ ਦੇ ਬਿਸਤਰੇ ਅਜੇ ਵੀ ਭਰੇ ਹੋਏ ਹਨ। ਇਸਦਾ ਅਰਥ ਇਹ ਹੈ ਕਿ ਗੰਭੀਰ ਮਰੀਜ਼ਾਂ ਦੀ ਗਿਣਤੀ ਅਜੇ ਘੱਟ ਨਹੀਂ ਹੋਈ ਹੈ।
ਦਿੱਲੀ ਵਿੱਚ ਕਰੋਨਾ ਦੀ ਲਾਗ ਦਰ ਘਟੀ
ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ਅਜਿਹੇ ਨਿਰਾਸ਼ ਮਾਹੌਲ ਵਿੱਚ ਇੱਕ ਖੁਸ਼ਖਬਰੀ ਹੈ ਕਿ ਪਿਛਲੇ 24 ਘੰਟਿਆਂ ਵਿੱਚ, ਦਿੱਲੀ ਵਿੱਚ ਕਰੋਨਾ ਦੇ 10,000 ਤੋਂ ਵੀ ਘੱਟ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਤਕਰੀਬਨ 8,500 ਕੇਸ ਹੋਏ ਹਨ। 20 ਅਪਰੈਲ ਨੂੰ 28 ਹਜ਼ਾਰ ਤੋਂ ਵੱਧ ਕੇਸ ਆਏ ਸਨ। ਅੱਜ ਇੱਥੇ 8,500 ਕੇਸ ਹਨ। ਕਈ ਦਿਨਾਂ ਬਾਅਦ 10,000 ਤੋਂ ਹੇਠਾਂ ਪਹਿਲੀ ਵਾਰ ਰਿਪੋਰਟ ਕੀਤਾ ਗਿਆ ਹੈ। ਦਿੱਲੀ ਵਿੱਚ ਲਾਗ ਦੀ ਦਰ ਵਿੱਚ ਵੀ ਕਾਫ਼ੀ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ ਵਿੱਚ ਲਾਗ ਦੀ ਦਰ ਸਿਰਫ 12 ਫ਼ੀਸਦੀ ’ਤੇ ਆ ਗਈ ਹੈ। ਵੱਧ ਲਾਗ ਦੀ ਦਰ ਦਾ ਮਤਲਬ ਹੈ ਕਿ ਕਰੋਨਾ ਬਹੁਤ ਜ਼ਿਆਦਾ ਫੈਲ ਜਾਂਦੀ ਹੈ। 22 ਅਪਰੈਲ ਨੂੰ ਦਿੱਲੀ ਵਿੱਚ ਲਾਗ ਦੀ ਦਰ 36 ਫ਼ੀਸਦੀ ਤੱਕ ਪਹੁੰਚ ਗਈ। ਇਸਦਾ ਅਰਥ ਇਹ ਹੈ ਕਿ ਹੁਣ ਦਿੱਲੀ ਵਿਚ ਬਹੁਤ ਘੱਟ ਲੋਕ ਕਰੋਨਾ ਤੋਂ ਬਿਮਾਰ ਹੋ ਰਹੇ ਹਨ।’