ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵਾਰਡਾਂ ਦੀ ਹੱਦਬੰਦੀ ਤੇ ਜਾਅਲੀ ਵੋਟਾਂ ਬਣਾਈਆਂ ਗਈਆਂ ਜਿਸ ਲਈ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਾਇਰ ਕੇਸ ਵਿੱਚ ਦਿੱਲੀ ਦੀ ਇਕ ਅਦਾਲਤ ਨੇ ਸਮੁੱਚਾ ਰਿਕਾਰਡ ਅਦਾਲਤ ਵਿਚ ਤਲਬ ਕਰ ਲਿਆ ਹੈ। ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਾਏ ਕੇਸ ਦੀ ਸੁਣਵਾਈ ਅੱਜ ਐਡੀਸ਼ਨਲ ਜ਼ਿਲ੍ਹਾ ਜੱਜ 4 ਸੈਂਟਰਲ ਤੀਸ ਹਜ਼ਾਰੀ ਕੋਰਟ ਅਜੈ ਸਿੰਘ ਸ਼ੇਖਾਵਤ ਦੀ ਅਦਾਲਤ ਵਿੱਚ ਹੋਈ। ਉਨ੍ਹਾਂ ਵੱਲੋਂ ਸੀਨੀਅਰ ਵਕੀਲ ਜੇ ਐੱਸ ਬਖਸ਼ੀ ਤੇ ਅਮਿਤੇਸ਼ ਸਿੰਘ ਬਖਸ਼ੀ ਪੇਸ਼ ਹੋਏ। ਉਨ੍ਹਾਂ ਅਦਾਲਤ ਦੱਸਿਆ ਕਿ ਕਿਵੇਂ ਡਾਇਰੈਕਟਰ ਗੁਰਦੁਆਰਾ ਚੋਣਾਂ ਨੇ ਅਕਾਲੀ ਦਲ ਦੇ ਵਿਰੋਧੀਆਂ ਨਾਲ ਰਲ ਕੇ ਗਲਤ ਹੱਦਬੰਦੀ ਕੀਤੀ ਤੇ ਜਾਅਲੀ ਵੋਟਾਂ ਬਣਾਈਆਂ। ਉਨ੍ਹਾਂ ਕਿਹਾ ਕਿ ਸਿਰਸਾ ਦੇ ਵਾਰਡ ਵਿਚ ਅਨੇਕਾਂ ਅਜਿਹੀਆਂ ਸੜਕਾਂ ਤੇ ਘਰ ਵਿਖਾਏ ਗਏ, ਜੋ ਅਸਲ ਵਿੱਚ ਉੱਥੇ ਮੌਜੂਦ ਹੀ ਨਹੀਂ ਹਨ। ਇਹਨਾਂ ਥਾਵਾਂ ’ਤੇ ਵੋਟਰਾਂ ਦੀ ਰਜਿਸਟਰੇਸ਼ਨ ਗਲਤ ਢੰਗ ਨਾਲ ਕੀਤੀ ਗਈ। ਸ੍ਰੀ ਸਿਰਸਾ ਨੇ ਦੱਸਿਆ ਕਿ ਅਦਾਲਤ ਨੇ ਇਸ ਸਾਰੇ ਮਾਮਲੇ ਨੁੰ ਗੰਭੀਰਤਾ ਨਾਲ ਲੈਂਦਿਆਂ ਸਾਰਾ ਰਿਕਾਰਡ ਸੁਰੱਖਿਅਤ ਰੱਖਣ ਤੇ ਇਹ ਅਗਲੀ ਪੇਸ਼ੀ 28 ਸਤੰਬਰ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਹਦਾਇਤ ਕੀਤੀ।
ਸਿਰਸਾ ਨੇ ਕਿਹਾ ਕਿ ਸਰਨਾਂ ਧੜੇ ਨੇ ਪਹਿਲਾਂ ਜਿਸ ਢੰਗ ਨਾਲ ਡਾਇਰੈਕਟਰ ਨਾਲ ਰਲ ਕੇ ਨਕਲੀ ਵੋਟਾਂ ਬਣਾਈਆਂ ਤੇ ਗਲਤ ਹੱਦਬੰਦੀ ਕਰਵਾਈ, ਉਸੇ ਤਰੀਕੇ ਸਰਨਾ ਧੜਾ ਸ਼੍ਰਓਮਣੀ ਕਮੇਟੀ ਵੱਲੋਂ ਮੈਂਬਰ ਕੋਆਪਟ ਕਰਨ ਦੀ ਪ੍ਰਕਿਰਿਆ ਨੁੰ ਝੂਠ ਤੇ ਕੁਫਰ ਦੇ ਸਹਾਰੇ ਖਰਾਬ ਕਰਨਾ ਚਾਹੁੰਦਾ ਹੈ।