ਨਵੀਂ ਦਿੱਲੀ, 2 ਜੁਲਾਈ
ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਨੇ 2023-24 ਦੀ ਪਹਿਲੀ ਤਿਮਾਹੀ ਵਿੱਚ ਆਬਕਾਰੀ ਮਾਲੀਆ ਅਤੇ ਵੈਟ ਤੋਂ ਲਗਪਗ 1,700 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਜਾਣਕਾਰੀ ਅਧਿਕਾਰਤ ਅੰਕੜਿਆਂ ਵਿੱਚ ਦਿੱਤੀ ਗਈ ਹੈ। ਵਿੱਤੀ ਸਾਲ 2022-23 ਵਿੱਚ ਵਿਭਾਗ ਨੇ 62 ਕਰੋੜ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਵੇਚ ਕੇ 6,821 ਕਰੋੜ ਰੁਪਏ ਕਮਾਏ ਸਨ। ਇਸ ਰਕਮ ਵਿੱਚ ਆਬਕਾਰੀ ਦੇ ਰੂਪ ਵਿੱਚ 5,548.48 ਕਰੋੜ ਰੁਪਏ ਅਤੇ ਵੈਟ ਦੇ ਰੂਪ ਵਿੱਚ 1,272.52 ਕਰੋੜ ਰੁਪਏ ਸ਼ਾਮਲ ਹਨ। ਆਬਕਾਰੀ ਵਿਭਾਗ ਨੂੰ ਉਮੀਦ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਸ਼ਰਾਬ ਦੀਆਂ ਹੋਰ ਦੁਕਾਨਾਂ ਖੁੱਲ੍ਹਣ ਨਾਲ ਮਾਲੀਆ ਹੋਰ ਵਧੇਗਾ। ਇਕ ਅਧਿਕਾਰੀ ਨੇ ਕਿਹਾ, ‘‘ਗਰਮੀਆਂ ’ਚ ਗਾਹਕ ਬੀਅਰ ਨੂੰ ਤਰਜੀਹ ਦਿੰਦੇ ਹਨ। ਇਸ ਨਾਲ ਆਬਕਾਰੀ ਮਾਲੀਆ ਘੱਟ ਹੁੰਦਾ ਹੈ। ਇਹੀ ਕਾਰਨ ਹੈ ਕਿ ਦੂਜੀ ਛਿਮਾਹੀ ਦੀ ਤੁਲਨਾ ’ਚ ਪਹਿਲੀ ਛਮਾਹੀ ਵਿੱਚ ਮਾਲੀਆ ਘੱਟ ਹੁੰਦਾ ਹੈ। -ਪੀਟੀਆਈ