ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਜੁਲਾਈ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ 22 ਜੁਲਾਈ ਤੋਂ ਸੰਸਦ ਘੇਰਨ ਲਈ ਤਿਆਰੀਆਂ ਸਬੰਧੀ ਮੀਟਿੰਗ ਅੱਜ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਦੀ ਪ੍ਰਧਾਨਗੀ ਹੇਠ ਸਿੰਘੂ ਬਾਰਡਰ ਵਿੱਚ ਹੋਈ। ਇਸ ਵਿੱਚ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਅਵਤਾਰ ਸਿੰਘ ਮਹਿਮਾ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਸੂਬਾ ਕਾਰਜਕਾਰੀ ਖਜ਼ਾਨਚੀ ਗੁਰਮੀਤ ਸਿੰਘ ਦਿੱਤੂਪੁਰ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ । ਇਸ ਦੌਰਾਨ ਦਿੱਲੀ ਬਾਰਡਰ ’ਤੇ ਚੱਲ ਰਹੇ ਸੰਘਰਸ਼ ਵਿਚ ਜਥੇਬੰਦੀ ਦੀ ਪਿਛਲੀ ਭੂਮਿਕਾ ਦੇ ਨਾਲ ਮੌਜੂਦਾ ਹਾਲਾਤ ’ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਅਗਲੇ ਸੱਦਿਆਂ ਨੂੰ ਕਾਮਯਾਬ ਕਰਨ ਲਈ ਵਿਉਂਤਬੰਦੀ ਕੀਤੀ ਗਈ। ਇਸ ਮੌਕੇ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਦੀ ਅਗਵਾਈ ਵਿੱਚ ਜਦੋਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਚੱਲੇ ਹਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ, ਪਟਿਆਲਾ, ਮਾਨਸਾ, ਫ਼ਿਰੋਜ਼ਪੁਰ ਆਦਿ ਜ਼ਿਲ੍ਹਿਆਂ ਦੇ ਕਿਸਾਨ ਪਹਿਲੇ ਜਥਿਆਂ ਵਿੱਚ ਸ਼ਾਮਲ ਹੋਣਗੇ। ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਮੋਰਚਾ ਜਿੱਤਿਆ ਨਹੀਂ ਜਾਂਦਾ ਉਦੋਂ ਤਕ ਵੋਟ ਬਟੋਰੂ ਰਾਜਨੀਤਿਕ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ।
ਅੱਜ ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦੀ ਮੀਟਿੰਗ ਬੀਕੇਯੂ ਰਾਜੇਵਾਲ ਦੇ ਸੂਬਾ ਆਗੂ ਪਰਗਟ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਪ੍ਰਮੁੱਖ ਕਿਸਾਨ ਆਗੂਆਂ ਨੇ ਮੰਚ ਤੋਂ ਸੰਬੋਧਨ ਕੀਤਾ ਅਤੇ ਕਿਸਾਨ ਅੰਦੋਲਨ ਦੀਆਂ ਮੰਗਾਂ ਮਨਵਾਉਣ ਜਾਂ ਦੇਸ਼ ਵਿੱਚੋਂ ਆਰਐੱਸਐੱਸ, ਬੀਜੇਪੀ ਸਰਕਾਰ ਦਾ ਬੋਰੀਆ ਬਿਸਤਰਾ ਲਪੇਟਣ ਲਈ ਇਸ ਅੰਦੋਲਨ ਵਿਚ ਦੇਸ਼ ਦੇ ਹਰ ਕਿਸਾਨ ਮਜ਼ਦੂਰ ਨੂੰ ਲਾਮਬੰਦ ਕਰਨ ਲਈ ਦਿਨ ਰਾਤ ਇਕ ਕਰਨ ਦਾ ਐਲਾਨ ਕੀਤਾ। ਇਸ ਮੌਕੇ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਬਾਈ ਜੁਲਾਈ ਤੋਂ ਪਾਰਲੀਮੈਂਟ ਵੱਲ ਕੀਤੇ ਜਾਣ ਵਾਲੇ ਮਾਰਚ ਵਿੱਚ ਜੇ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਧਰਨਾਕਾਰੀ ਕਿਸਾਨਾਂ ਨੂੰ ਜੇਲ੍ਹ ਭੇਜਣ ਦੀ ਜ਼ਰੂਰਤ ਕੀਤੀ ਤਾਂ ਦੇਸ਼ ਭਰ ਵਿੱਚੋਂ ਲੱਖਾਂ ਕਿਸਾਨ ਜੇਲ੍ਹਾਂ ਭਰਨ ਲਈ ਇਸ ਮੌਕੇ ਤਿਆਰ ਬੈਠੇ ਹਨ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਿੰਨਾ ਸਰਕਾਰ ਅੰਦੋਲਨ ਨੂੰ ਲੰਬਾ ਖਿੱਚੇਗੀ ਉਨਾ ਹੀ ਅੰਦੋਲਨ ਦੀਆਂ ਜੜ੍ਹਾਂ ਵਿਚ ਕਿਸਾਨ ਤੇਲ ਦੇਣਗੇ ਇਸ ਮੌਕੇ ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਕਾਮਰੇਡ ਰਾਜਾ ਰਾਮ ਸਿੰਘ ਬਿਹਾਰ ਤੋਂ ਕਾਮਰੇਡ ਕਾਰਤਿਕ ਪਾਲ ਸਿੰਘ ਪੱਛਮੀ ਬੰਗਾਲ ਤੋਂ ਈਸ਼ਵਰੀ ਪ੍ਰਸਾਦ ਯੂਪੀ ਤੋਂ ਪਰਸ਼ੋਤਮ ਸ਼ਰਮਾ ਉਤਰਾਖੰਡ ਤੋਂ ਪ੍ਰੇਮ ਸਿੰਘ ਗਹਿਲਾਵਤ ਹਰਿਆਣਾ ਨੇ ਸੰਬੋਧਨ ਕੀਤਾ। ਸਿੰਘੂ ਬਾਰਡਰ ’ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਵਿਸ਼ੇਸ਼ ਇਕਤਰਤਾ ਸੂਬਾ ਆਗੂ ਮਨੋਹਰ ਸਿੰਘ ਗਿੱਲ ਦੀ ਅਗਵਾਈ ਵਿੱਚ ਹੋਈ। ਜਿਥੇ 22 ਜੁਲਾਈ ਨੂੰ ਵਰਖਾ ਰੁੱਤ ਦੇ ਪਾਰਲੀਮੈਂਟ ਸਮਾਗਮ ਦੌਰਾਨ ਜਿਹੜਾ ਐੱਸਕੇਐੱਮ ਵੱਲੋ ਪਾਰਲੀਮੈਂਟ ਸਾਹਮਣੇ ਲੜੀਵਾਰ ਧਰਨੇ ਦਿਤੇ ਜਾਣੇ ਹਨ ਉਸ ਸਬੰਧੀ ਕਿਸਾਨ ਸਭਾ ਵੱਲੋਂ ਜ਼ਿਲ੍ਹਾਵਾਰ ਜੱਥੇ ਭੇਜਣ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਲਈ ਪਹਿਲੇ ਜੱਥੇ ਦੀ ਅਗਵਾਈ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਕਰਨਗੇ।