ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਪਰੈਲ
ਉੱਤਰੀ ਦਿੱਲੀ ਦੇ ਭਲਸਵਾ ਕੂੜੇ ਦੇ ਢੇਰ ਵਿੱਚ ਇਸ ਹਫ਼ਤੇ ਦੇ ਸ਼ੁਰੂ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕਾਰਵਾਈ ਅਜੇ ਵੀ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਅੱਗ ਬੁਝਾਉਣ ਲਈ ਪੰਜ ਫਾਇਰ ਟੈਂਡਰ ਅਜੇ ਵੀ ਮੌਕੇ ’ਤੇ ਕੰਮ ਕਰ ਰਹੇ ਹਨ। ਮੰਗਲਵਾਰ ਸ਼ਾਮ ਨੂੰ ਇਸ ਜਗ੍ਹਾ ’ਤੇ ਭਿਆਨਕ ਅੱਗ ਲੱਗ ਗਈ ਸੀ। ਸਥਾਨਕ ਨਿਵਾਸੀਆਂ ਨੇ ਕਿਹਾ ਕਿ ਸੰਘਣਾ ਧੂੰਆਂ ਉਨ੍ਹਾਂ ਨੂੰ ਤੰਗ ਕਰਦਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਕ ਅਧਿਕਾਰੀ ਨੇ ਕਿਹਾ ਸੀ ਕਿ ਵਧਦੇ ਤਾਪਮਾਨ ਨਾਲ ਕੂੜੇ ਦੇ ਢੇਰ (ਡੰਪਿੰਗ ਯਾਰਡ) ’ਤੇ ਬਹੁਤ ਜਲਣਸ਼ੀਲ ਮੀਥੇਨ ਗੈਸ ਬਣ ਜਾਂਦੀ ਹੈ।
ਸ਼ੁੱਕਰਵਾਰ ਨੂੰ ਭਲਸਵਾ ਕੂੜੇ ਦੇ ਪਹਾੜ ਦੇ ਢੇਰ ਦੇ ਨੇੜੇ ਰਹਿਣ ਵਾਲੇ ਲੋਕਾਂ ਵੱਲੋਂ ਉੱਤਰੀ ਦਿੱਲੀ ਨਗਰ ਨਿਗਮ ਖਿਲਾਫ਼ ਇੱਕ ਪੁਲੀਸ ਸ਼ਿਕਾਇਤ ਦਰਜ ਕਰਵਾਈ ਗਈ ਸੀ। ਨਿਵਾਸੀਆਂ ਨੇ ਉੱਤਰੀ ਦਿੱਲੀ ਦੇ ਮੇਅਰ ਰਾਜਾ ਇਕਬਾਲ ਸਿੰਘ, ਡਿਪਟੀ ਮੇਅਰ ਅਰਚਨਾ ਦਿਲੀਪ ਸਿੰਘ ਤੇ ਉੱਤਰੀ ਐੱਮਸੀਡੀ ਦੀ ਸਥਾਈ ਕਮੇਟੀ ਦੇ ਉਪ-ਚੇਅਰਮੈਨ ਵਿਜੇ ਕੁਮਾਰ ਭਗਤ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਭਲਸਵਾ ਡੇਅਰੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਬੁੱਧਵਾਰ ਨੂੰ ਸ਼ਹਿਰ ਵਿੱਚ ਕੂੜੇ ਦੇ ਪਹਾੜਾਂ ’ਤੇ ਲਗਾਤਾਰ ਅੱਗਾਂ ਲਈ ਨਗਰ ਨਿਗਮ ਵਿੱਚ ‘ਭ੍ਰਿਸ਼ਟਾਚਾਰ’ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਸੀ ਕਿ ਭਾਜਪਾ ਸ਼ਾਸਿਤ ਨਗਰ ਨਿਗਮਾਂ ਨੂੰ ਕੂੜੇ ਦੇ ਪਹਾੜਾਂ ਨੂੰ ਸਾਫ਼ ਕਰਨ ਲਈ ਬੁਲਡੋਜ਼ਰ ਦੀ ਵਰਤੋਂ ਕਰਨੀ ਚਾਹੀਦੀ ਸੀ। ਗਿਆਨ ਸਰੋਵਰ ਸਕੂਲ, ਭਲਸਵਾ ਢੇਰ ਦੇ ਨੇੜੇ ਰਹਿਣ ਵਾਲੇ ਬੱਚਿਆਂ ਲਈ ਇੱਕ ਬਾਲ ਸਰੋਤ ਕੇਂਦਰ, ਖੇਤਰ ਦੇ ਸੰਘਣੇ ਧੂੰਏਂ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ। ਇਸ ਸਾਲ ਪੂਰਬੀ ਦਿੱਲੀ ਦੇ ਗਾਜ਼ੀਪੁਰ ਢੇਰ ‘ਤੇ ਅੱਗ ਲੱਗਣ ਦੀਆਂ ਤਿੰਨ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਵਿੱਚ 28 ਮਾਰਚ ਦੀ ਇੱਕ ਘਟਨਾ ਵੀ ਸ਼ਾਮਲ ਹੈ, ਜਿਸ ਨੂੰ 50 ਘੰਟਿਆਂ ਤੋਂ ਵੱਧ ਸਮੇਂ ਬਾਅਦ ਕਾਬੂ ਕੀਤਾ ਗਿਆ ਸੀ।
ਕੌਮੀ ਰਾਜਧਾਨੀ ਵਿੱਚ ਪਾਰਾ 44 ਡਿਗਰੀ ’ਤੇ ਪੁੱਜਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰਤ ਦੇ ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਵੱਧ ਰਿਕਾਰਡ ਹੋਣ ਦੇ ਨਾਲ ਗਰਮੀ ਗੰਭੀਰ ਹਾਲਤ ਵਿੱਚ ਜਾਰੀ ਹੈ। ਪਾਲਮ ਆਬਜ਼ਰਵੇਟਰੀ ਵਿੱਚ 11:30 ਵਜੇ ਤੱਕ ਵੱਧ ਤੋਂ ਵੱਧ ਤਾਪਮਾਨ 41.6 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਪੀਤਮਪੁਰਾ ਵਿੱਚ 42.91 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਦਿਨ ਸਮੇਂ ਅਸਮਾਨ ਸਾਫ਼ ਸੀ। ਕਈ ਥਾਵਾਂ ’ਤੇ ਲੂ ਦੇ ਹਾਲਾਤ ਬਣੇ ਰਹੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਤਾਪਮਾਨ 25.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਦੋ ਡਿਗਰੀ ਵੱਧ ਹੈ ਅਤੇ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਿਹਾ। ਮੌਸਮ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਕੌਮੀ ਰਾਜਧਾਨੀ ਵਿੱਚ 2 ਮਈ ਤੱਕ ਭਿਆਨਕ ਗਰਮੀ ਦੀ ਸਥਿਤੀ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਪੂਰਵ ਅਨੁਮਾਨ ਮੁਤਾਬਕ ਕੋਈ ਬਾਰਿਸ਼ ਨਹੀਂ ਹੈ। ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਨੋਇਡਾ, ਸੋਨੀਪਤ, ਪਾਣੀਪਤ, ਬਹਾਦਰਗੜ੍ਹ ਪਲਵਲ ਵਰਗੇ ਇਲਾਕਿਆਂ ਵਿੱਚ ਵੀ ਗਰਮੀ ਦਾ ਜ਼ੋਰ ਹੈ ਤੇ ਦੁਪਿਹਰ ਨੂੰ ਸੜਕਾਂ ਸੁੰਨ ਹੋ ਜਾਂਦੀਆਂ ਹਨ।