ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੂਨ
ਵਿਸ਼ਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਆਗੂ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਕਰੋਨਾ ਮੋਬਾਈਲ ਟੈਸਟਿੰਗ ਕਲੀਨਿਕ ਬੱਸ ਦਿੱਲੀ ਸਰਕਾਰ ਦੇ ਅਧਿਕਾਰੀਆਂ ਨਾਲ ਮਿਲ ਕੇ ਸ਼ੁਰੂ ਕੀਤੀ ਗਈ। ਸੰਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ੍ਰੀ ਸਾਹਨੀ ਵੱਲੋਂ ਇਸ ਬੱਸ ਦੀ ਤਿਆਰੀ ਲਈ ਮਦਦ ਕੀਤੀ ਗਈ ਹੈ। ਸ੍ਰੀ ਸਾਹਨੀ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਨੂੰ ਫੜਨ ਲਈ 4-ਟੀ ਤਹਿਤ ਟਰੇਕਿੰਗ, ਟੈਸਟਿੰਗ, ਟ੍ਰੀਟਮੈਂਟ ਤੇ ਟਰੈਸਿੰਗ ਨਾਲ ਤੇਜ਼ੀ ਆਵੇਗੀ। ਇਹ ਬੱਸ ਡਾਕਟਰਾਂ ਤੇ ਸਿਹਤ ਅਮਲੇ ਨੂੰ ਕਰੋਨਾ ਦੀ ਲਾਗ ਤੋਂ ਬਚਾਵੇਗੀ। ਉਨ੍ਹਾਂ ਦਿੱਲੀ ਸਰਕਾਰ ਦਾ ਇਸ ਕਾਰਜ ਲਈ ਸਹਿਯੋਗ ਕਰਨ ਬਦਲੇ ਧੰਨਵਾਦ ਵੀ ਕੀਤਾ।
ਰੇਲਵੇ ਦੇ ਡੱਬੇ ਹਸਪਤਾਲ ਵਿੱਚ ਤਬਦੀਲ: ਦਿੱਲੀ ’ਚ ਰੇਲਵੇ ਡੱਬਿਆਂ ਵਿੱਚ ਕੋਵਿਡ-19 ਦੇ ਇਲਾਜ ਲਈ 160 ਬਿਸਤਰੇ ਬਣਾਏ ਗਏ ਹਨ ਤੇ ਇਸ ਤਰ੍ਹਾਂ ਦਾ ਤਜਰਬਾ ਸ਼ਕੂਰਬਸਤੀ ਸਟੇਸ਼ਨ ਉਪਰ ਕੀਤਾ ਗਿਆ ਹੈ। ਗ਼ੈਰ-ਵਾਤਾਨਕੂਲਿਤ ਡੱਬਿਆਂ ਨੂੰ ਬਿਸਤਰਿਆਂ ਵਿੱਚ ਤਬਦੀਲ ਕੀਤਾ ਗਿਆ ਹੈ ਜੋ ਦਿੱਲੀ ਵਿੱਚ ਲਾਗ ਦੇ ਵਧੇ ਮਾਮਲਿਆਂ ਦੌਰਾਨ ਇਲਾਜ ਲਈ ਇਸਤੇਮਾਲ ਕੀਤਾ ਜਾਵੇਗਾ। ਇਸ ਤਰ੍ਹਾਂ ਇਕ ਡੱਬੇ ਵਿੱਚ 10 ਇਕਾਂਤਵਾਸ ਬਿਸਤਰੇ ਤਿਆਰ ਕਰਕੇ ਕੋਵਿਡ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ ਤੇ ਕੁੱਲ 160 ਬਿਸਤਰੇ ਤਿਆਰ ਕੀਤੇ ਗਏ ਹਨ। ਇਕ ਏਸੀ ਡੱਬਾ ਸਟਾਫ਼ ਲਈ ਤਿਆਰ ਕੀਤਾ ਗਿਆ ਹੈ।ਕੇਂਦਰ ਸਰਕਾਰ ਵੱਲੋਂ ਦੇਸ਼ ਦੇ 215 ਰੇਲਵੇ ਸਟੇਸ਼ਨਾਂ ਉਪਰ ਇਸ ਤਰ੍ਹਾਂ ਦੇ ਡੱਬੇ ਤਿਆਰ ਕਰਨ ਦੀ ਯੋਜਨਾ ਉਲੀਕੀ ਗਈ ਸੀ ਤੇ 5300 ਤੋਂ ਵੱਧ ਕੋਚ ਆਈਸੋਲੇਸ਼ਨ ਲਈ ਤਿਆਰ ਕਰਕੇ ਮਹਾਂਮਾਰੀ ਦਾ ਟਾਕਰਾ ਕਰਨਾ ਸੀ। ਰੇਲਵੇ ਹੁਣ ਤਕ 50% ਬਿਸਤਰੇ ਤਿਆਰ ਕਰ ਚੁੱਕਾ ਹੈ ਤੇ ਉੱਤਰੀ ਰੇਲਵੇ ਵੱਲੋਂ ਹੋਰ ਵੀ ਬਿਸਤਰੇ ਤਿਆਰ ਕੀਤੇ ਜਾਣਗੇ।
ਨੀਤੀ ਕਮਿਸ਼ਨ ਦੇ ਅਧਿਕਾਰੀ ਨੂੰ ਕਰੋਨਾ
ਨਵੀਂ ਦਿੱਲੀ (ਪੱਤਰ ਪ੍ਰੇਰਕ) : ਨੀਤੀ ਕਮਿਸ਼ਨ ਦੇ ਇਕ ਅਧਿਕਾਰੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਨੀਤੀ ਕਮਿਸ਼ਨ ਦੀ ਇਮਾਰਤ ਦੇ ਇਕ ਹਿੱਸੇ ਨੂੰ ਬੰਦ ਕੀਤਾ ਗਿਆ ਹੈ ਤੇ ਉਸ ਨੂੰ ਰੋਗਾਣੂ ਮੁਕਤ ਕਰਕੇ ਹੀ ਮੁੜ ਖੋਲਿ੍ਹਆ ਜਾਵੇਗਾ। ਸੀਨੀਅਰ ਅਧਿਕਾਰੀ ਨੀਤੀ ਕਮਿਸ਼ਨ ਦੀਆਂ ਯੋਜਨਾਵਾਂ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਉਕਤ ਅਧਿਕਾਰੀ ਨੇ ਬੀਤੇ ਹਫ਼ਤੇ ਹੀ ਇਸ ਇਮਾਰਤ ਦਾ ਦੌਰਾ ਕੀਤਾ ਸੀ। ਇਸ ਤੋਂ ਪਹਿਲਾਂ ਇਹੀ ਦਫ਼ਤਰ 28 ਅਪਰੈਲ ਨੂੰ ਬੰਦ ਕਰਕੇ ਰੋਗਾਣੂ ਮੁਕਤ ਕੀਤਾ ਗਿਆ ਸੀ ਕਿਉਂਕਿ ਇਕ ਮੁਲਾਜ਼ਮ ਕਰੋਨਾ ਦਾ ਪੀੜਤ ਪਾਇਆ ਗਿਆ ਸੀ। ਰਾਜ਼ੌਰੀ ਗਾਰਡਨ ਦਾ ਮੁਲਾਜ਼ਮ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਜਿਸ ਕਰਕੇ ਰਾਜੌਰੀ ਗਾਰਡਨ ਵਿਖੇ ਨਗਰ ਨਿਗਮ ਦੇ ਦਫ਼ਤਰ ਨੂੰ ਸੀਲ ਕਰਕੇ ਸੈਨੇਟਾਈਜ਼ ਕੀਤਾ ਜਾਵੇਗਾ।