ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਮਈ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਜਦੋਂ ਤੱਕ ਕੌਮੀ ਰਾਜਧਾਨੀ ਦਿੱਲੀ ਵਿੱਚ ਕੋਵਿਡ-19 ਦੀ ਦਰ ਬਹੁਤ ਹੇਠਾਂ ਤੱਕ ਨਹੀਂ ਆਉਂਦੀ, ਉਦੋਂ ਤੱਕ ਦਿੱਲੀ ਸਰਕਾਰ ਚੁੱਪ ਨਹੀਂ ਬੈਠੇਗੀ ਤੇ ਉਸ ਲਈ ਸੌਖ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਲਾਗ ਦਰ 36 ਫ਼ੀਸਦੀ ਤੋਂ ਘੱਟ ਕੇ 19.1 ਫ਼ੀਸਦੀ ਰਹਿ ਗਈ ਹੈ। ਰੋਜ਼ਾਨਾ 12,500 ਮਰੀਜ਼ ਦਰਜ ਕੀਤੇ ਜਾ ਰਹੇ ਹਨ ਪਰ ਸਰਕਾਰ ਉੱਦੋਂ ਤੱਕ ਸੌਖੀ ਨਹੀਂ ਹੋ ਸਕਦੀ ਜਦੋਂ ਤੱਕ ਪਾਜ਼ੇਟਿਵ ਦਰ 5 ਫ਼ੀਸਦੀ ਤੋਂ ਹੇਠਾਂ ਨਹੀਂ ਆ ਜਾਂਦੀ ਤੇ ਰੋਜ਼ਾਨਾ ਦੇ ਮਾਮਲੇ 3-4 ਹਜ਼ਾਰ ਤੋਂ ਹੇਠਾਂ ਨਹੀਂ ਆ ਜਾਂਦੇ। ਉਨ੍ਹਾਂ ਕਿਹਾ ਕਿ ਹੁਣ ਲੌਕਡਾਊਨ ਕਾਰਨ ਲੋਕ ਬਾਹਰ ਨਹੀਂ ਆਉਂਦੇ ਜਦੋਂ ਕਿ ਪਹਿਲਾਂ ਬਾਜ਼ਾਰਾਂ ਤੇ ਹੋਰ ਜਨਤਕ ਥਾਵਾਂ ਉਪਰ ਆ ਜਾਂਦੇ ਸਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਇਹ ਚੌਥੀ ਲਹਿਰ ਤੇਜ਼ ਹੈ ਪਰ ਅਪਰੈਲ ਦੇ ਆਖ਼ਰੀ ਹਫ਼ਤੇ ਤੋਂ ਸੁਧਾਰ ਸ਼ੁਰੂ ਹੋਇਆ ਹੈ। ਲੌਕਡਾਊਨ ਦੇ ਚੱਲਦਿਆਂ ਦਿੱਲੀ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਜਿਹਾ ਦਿੱਲੀ ਸਰਕਾਰ ਵੱਲੋਂ ਜਾਰੀ ਸਿਹਤ ਅੰਕੜਿਆਂ ਤੋਂ ਪ੍ਰਤੀਤ ਹੋ ਰਿਹਾ ਹੈ।
ਕਰੋਨਾ ਮਰੀਜ਼ਾਂ ਦੇ ਅੰਕੜਿਆਂ ’ਚ ਗਿਰਾਵਟ
ਨਵੇਂ ਕਰੋਨਾਵਾਇਰਸ ਦੇ ਮਾਮਲਿਆਂ ਵਿੱਚ ਪਿਛਲੇ 24 ਘੰਟਿਆਂ ਵਿੱਚ ਸਿਰਫ ਤਾਜ਼ੇ 12,481 ਮਰੀਜ਼ਾਂ ਦੀ ਰਿਪੋਰਟ ਆਈ ਹੈ। ਦਿੱਲੀ ਸਰਕਾਰ ਦੇ ਸਿਹਤ ਬੁਲੇਟਿਨ ਅਨੁਸਾਰ ਜੋ 12 ਅਪਰੈਲ ਤੋਂ ਬਾਅਦ ਸਭ ਤੋਂ ਘੱਟ ਗਿਣਤੀ ਹੈ। ਪਾਜ਼ੇਟਿਵ ਦਰ ਵੀ 17.76 ਫ਼ੀਸਦੀ ਤੱਕ ਹੇਠਾਂ ਆ ਗਈ, ਜੋ ਕਿ 14 ਅਪਰੈਲ ਤੋਂ ਸਭ ਤੋਂ ਘੱਟ ਹੈ। 22 ਅਪਰੈਲ ਨੂੰ ਪਾਜ਼ੇਟਿਵ ਦਰ 36.2% ਸੀ, ਜੋ ਕਿ ਸਭ ਤੋਂ ਵੱਧ ਦਰਜ ਕੀਤੀ ਗਈ ਸੀ। ਸ਼ਹਿਰ ਵਿਚ ਪਿਛਲੇ 24 ਘੰਟਿਆਂ ਵਿਚ 13,583 ਡਿਸਚਾਰਜ ਤੇ 347 ਮੌਤਾਂ ਹੋਈਆਂ ਹਨ। ਰਾਸ਼ਟਰੀ ਰਾਜਧਾਨੀ ਵਿਚ ਕੇਸਾਂ ਦੀ ਗਿਣਤੀ 13,48,699 ’ਤੇ ਹੈ, ਜਿਸ ਵਿਚ 83,809 ਕਿਰਿਆਸ਼ੀਲ ਕੇਸ ਸ਼ਾਮਲ ਹਨ। 12,44,880 ਕੁੱਲ ਡਿਸਚਾਰਜ/ਰਿਕਵਰੀ ਹਨ। ਨਵੀਂਆਂ ਮੌਤਾਂ ਸਮੇਤ ਕੁਲ ਮਰਨ ਵਾਲਿਆਂ ਦੀ ਗਿਣਤੀ 20,010 ਨੂੰ ਛੂਹ ਗਈ। ਮੌਤ ਦਰ 1.48 ਪ੍ਰਤੀਸ਼ਤ ਹੈ। ਕੁੱਲ 70,276 ਟੈਸਟ, ਜਿਨ੍ਹਾਂ ਵਿੱਚ 54,619 ਆਰਟੀ-ਪੀਸੀਆਰ/ਸੀਬੀਐੱਨਏਏਟੀ/ਟਰੂ ਨੈੱਟ ਟੈਸਟ 15,6579 ਸ਼ਾਮਲ ਹਨ। ਜੋ ਪਿਛਲੇ 24 ਘੰਟਿਆਂ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਰੈਪਿਡ ਐਂਟੀਜੇਨ ਟੈਸਟ ਕੀਤੇ ਗਏ। ਸਿਹਤ ਬੁਲੇਟਿਨ ਅਨੁਸਾਰ ਪਿਛਲੇ 24 ਘੰਟੇ ਵਿੱਚ 1,40,963 ਨੂੰ ਟੀਕਾ ਲਗਾਇਆ ਗਿਆ ਅਤੇ ਇਨ੍ਹਾਂ ਵਿਚੋਂ 93,746 ਨੂੰ ਪਹਿਲੀ ਖੁਰਾਕ ਦਿੱਤੀ ਗਈ ਤੇ 47,217 ਨੇ ਆਪਣੀ ਦੂਜੀ ਖੁਰਾਕ ਲਈ ਹੈ। ਕੌਮੀ ਰਾਜਧਾਨੀ ਵਿੱਚ ਹੁਣ ਤੱਕ ਟੀਕੇ ਲਗਵਾ ਚੁੱਕੇ ਲੋਕਾਂ ਦੀ ਗਿਣਤੀ 40,18,363 ਹੈ।