ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਫਰਵਰੀ
ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਸਰਕਾਰ ਸਕੂਲਾਂ ਦੇ ਬੰਦ ਹੋਣ, ਕੋਵਿਡ-19 ਅਤੇ ਆਨਲਾਈਨ ਸਿੱਖਿਆ ਵੱਲ ਵਧਣ ਕਾਰਨ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਭਾਵਨਾਤਮਕ ਤੰਦਰੁਸਤੀ ’ਤੇ ਪੈਣ ਵਾਲੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ ਜਲਦੀ ਹੀ ਇੱਕ ਅਧਿਐਨ ਸ਼ੁਰੂ ਕਰੇਗੀ। ਮਾਰਚ 2020 ਵਿੱਚ ਤਾਲਾਬੰਦੀ ਤੋਂ ਬਾਅਦ ਦਿੱਲੀ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਸਨ ਤੇ ਇਸ ਮਹੀਨੇ ਖੋਲ੍ਹੇ ਗਏ ਸਨ। 17 ਮਈ ਤੱਕ ਇੱਕ ਡਰਾਫਟ ਰਿਪੋਰਟ ਸਰਕਾਰ ਨੂੰ ਸੌਂਪੀ ਜਾਵੇਗੀ ਤੇ ਅੰਤਿਮ ਰਿਪੋਰਟ 27 ਮਈ ਤੱਕ ਸੌਂਪੀ ਜਾਵੇਗੀ। ਦਿੱਲੀ ਸਰਕਾਰ ਦੇ ਯੋਜਨਾ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਕਵਰ ਕਰਨ ਲਈ ਇੱਕ ਢੁਕਵੀਂ ਏਜੰਸੀ ਨੂੰ ਨਿਯੁਕਤ ਕਰਨ ਲਈ ਪ੍ਰਸਤਾਵ ਲਈ ਬੇਨਤੀ ਜਾਰੀ ਕੀਤੀ। ਅਧਿਐਨ ਵੱਖ-ਵੱਖ ਉਮਰ ਵਰਗਾਂ, ਸਮਾਜਿਕ ਤੇ ਆਰਥਿਕ ਪਿਛੋਕੜਾਂ ਦੇ ਹਰ ਕਿਸਮ ਦੇ ਵਿਦਿਆਰਥੀਆਂ, ਲੜਕਿਆਂ ਅਤੇ ਲੜਕੀਆਂ ਦੀ ਭਾਵਨਾਤਮਕ ਤੰਦਰੁਸਤੀ ਅਤੇ ਮਾਨਸਿਕ ਸਿਹਤ ਦਾ ਮੁਲਾਂਕਣ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਇਸ ਗੱਲ ਦੀ ਸਮਝ ਦੇਵੇਗਾ ਕਿ ਵੱਖ-ਵੱਖ ਪਿਛੋਕੜ ਵਾਲੇ ਵਿਦਿਆਰਥੀਆਂ ਉਪਰ ਕੀ ਅਸਰ ਹੋਇਆ। 2020-21 ਦੌਰਾਨ ਦਿੱਲੀ ਦੇ ਸਕੂਲਾਂ ਵਿੱਚ 44.80 ਲੱਖ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ। ਦਿੱਲੀ ਦੇ 28 ਜ਼ੋਨਾਂ ਦੇ ਸਕੂਲਾਂ ਲਈ ਕੁੱਲ 8,400 ਵਿਦਿਆਰਥੀਆਂ, 1,680 ਮਾਪਿਆਂ ਤੇ 1,680 ਅਧਿਆਪਕਾਂ ਦਾ ਸਰਵੇਖਣ ਕੀਤਾ ਜਾਵੇਗਾ। ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦਾ ਸੈਂਪਲ ਡਾਟਾ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਇਹ ਅਧਿਐਨ ਦਿੱਲੀ ਦੇ ਸਾਰੇ 28 ਸਿੱਖਿਆ ਜ਼ੋਨਾਂ ਤੋਂ ਨਿੱਜੀ ਇੰਟਰਵਿਊ ਰਾਹੀਂ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਤੇ ਅਧਿਆਪਕਾਂ ਲਈ ਕਰਵਾਇਆ ਜਾਵੇਗਾ।