ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਕਤੂਬਰ
ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਦੀ ਜੈਅੰਤੀ ਮੌਕੇ ਐਤਵਾਰ ਨੂੰ ਰਾਜ ਘਾਟ ਅਤੇ ਵਿਜੈ ਘਾਟ ਤੋਂ ਗੈਰ-ਹਾਜ਼ਰ ਰਹਿਣ ਲਈ ਉਨ੍ਹਾਂ ਦੀ ਅਤੇ ‘ਆਪ’ ਸਰਕਾਰ ਦੀ ਆਲੋਚਨਾ ਕੀਤੀ। ਸਕਸੈਨਾ ਨੇ ਲਿਖਿਆ, ‘‘ਇਹ ਦਰਦ, ਅਫਸੋਸ ਅਤੇ ਨਿਰਾਸ਼ਾ ਦੀ ਡੂੰਘੀ ਭਾਵਨਾ ਨਾਲ ਮੈਂ ਤੁਹਾਡਾ ਧਿਆਨ ਬੀਤੇ ਦਿਨ ਗਾਂਧੀ ਜੈਅੰਤੀ ਅਤੇ ਭਾਰਤ ਰਤਨ, ਲਾਲ ਬਹਾਦੁਰ ਸ਼ਾਸਤਰੀ ਦੀ ਜੈਅੰਤੀ ਦੇ ਸਮਾਗਮਾਂ ਪ੍ਰਤੀ ਤੁਹਾਡੇ ਤੇ ਤੁਹਾਡੀ ਅਗਵਾਈ ਵਾਲੀ ਸਰਕਾਰ ਵੱਲੋਂ ਦਿਖਾਈ ਗਈ ਅਣਦੇਖੀ ਵੱਲ ਖਿੱਚਦਾ ਹਾਂ। ਮੈਂ ਇਹ ਦੱਸਣ ਲਈ ਮਜਬੂਰ ਹਾਂ ਕਿ ਕੱਲ੍ਹ ਰਾਜ ਘਾਟ ਜਾਂ ਵਿਜੈ ਘਾਟ ’ਤੇ ਨਾ ਤਾਂ ਤੁਸੀਂ, ਨਾ ਹੀ ਤੁਹਾਡਾ ਕੋਈ ਮੰਤਰੀ ਮੌਜੂਦ ਸੀ, ਇੱਥੋਂ ਤੱਕ ਕਿ ਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਪੀਕਰ ਦੇ ਰੂਪ ਵਿੱਚ, ਲੋਕ ਸਭਾ ਤੇ ਸਾਰੀਆਂ ਪਾਰਟੀਆਂ ਦੇ ਹੋਰ ਉੱਚ ਸਿਆਸੀ ਨੇਤਾ, ਭਾਰਤ ਵਿੱਚ ਵਿਦੇਸ਼ੀ ਮਿਸ਼ਨਾਂ ਦੇ ਨੁਮਾਇੰਦੇ ਤੇ ਦਿੱਲੀ ਦੇ ਆਮ ਨਿਵਾਸੀ, ਬਾਪੂ ਅਤੇ ਸ਼ਾਸਤਰੀ ਨੂੰ ਸ਼ਰਧਾਂਜਲੀ ਦੇਣ ਲਈ ਨਿਮਰਤਾ ਨਾਲ ਇਕੱਠੇ ਹੋਏ। ਜਦੋਂ ਕਿ ਉਪ ਮੁੱਖ ਮੰਤਰੀ (ਮਨੀਸ਼ ਸਿਸੋਦੀਆ) ਕੁਝ ਮਿੰਟਾਂ ਲਈ ਉੱਥੇ ਮੌਜੂਦ ਸਨ।’’
ਉਨ੍ਹਾਂ ਲਿਖਿਆ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਤੇ ਮੰਤਰੀਆਂ ਦੀ ਉੱਚ ਪੱਧਰੀ ਪ੍ਰਵਾਨਗੀ ਲਈ ਪ੍ਰੋਗਰਾਮ ਲਈ ਰਸਮੀ ਤੌਰ ’ਤੇ ਸੱਦਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਦਿੱਲੀ ਸਰਕਾਰ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਰਾਸ਼ਟਰਪਤੀ ਸਕੱਤਰੇਤ ਨੇ ਮੁੱਖ ਮੰਤਰੀ ਨੂੰ ਆਪਣੇ ਵਧੀਕ ਸਕੱਤਰ ਰਾਹੀਂ ਸਪੱਸ਼ਟ ਤੌਰ ’ਤੇ ਜਾਣੂ ਕਰਵਾਇਆ ਸੀ ਕਿ ਮੁੱਖ ਮੰਤਰੀ ਦੇ ਪ੍ਰੋਗਰਾਮ ਵਿਚ ਹਾਜ਼ਰ ਹੋਣ ਅਤੇ ਵਿਜੈ ਘਾਟ ਵਿਖੇ ਰਾਸ਼ਟਰਪਤੀ ਦਾ ਸਵਾਗਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ।