ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਗੁਰਮੁਖੀ ਦੇ ਟੈਸਟ ਵਿੱਚੋਂ ਨਾਕਾਮ ਹੋਣ ਦੇ ਨਾਲ ਹੀ ਦਿੱਲੀ ਕਮੇਟੀ ਦੇ ਮੈਂਬਰਾਂ ਦੇ ਪੰਜਾਬੀ ਦੇ ਗਿਆਨ ਤੋਂ ਸੱਖਣੇ ਹੋਣ ਦਾ ਮੁੱਦਾ ਭਖ ਗਿਆ ਹੈ। ਹੋਰ ਵੀ ਕਈ ਮੈਂਬਰ ਹੋ ਸਕਦੇ ਹਨ ਜਿਨ੍ਹਾਂ ਨੂੰ ਸ਼ਾਇਦ ਗੁਰਮੁਖੀ ਲਿਪੀ ਤੇ ਪੰਜਾਬੀ ਭਾਸ਼ਾ ਦਾ ਗਿਆਨ ਘੱਟ ਹੋਵੇ।
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਬਕਾ ਮੁਖੀ ਡਾ. ਜਸਪਾਲ ਕੌਰ ਨੇ ਕਿਹਾ ਕਿ ਕਮੇਟੀ ਮੈਂਬਰਾਂ ਨੂੰ ਪੰਜਾਬੀ ਲਾਜ਼ਮੀ ਆਉਣੀ ਚਾਹੀਦੀ ਹੈ। ਉਧਰ, ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਦਲ ਨੇ ਚੋਣਾਂ ਤੋਂ ਪਹਿਲਾਂ ਹੀ ਸ਼ਿਕਾਇਤ ਕੀਤੀ ਸੀ ਕਿ ਹਰ ਉਮੀਦਵਾਰ ਨੂੰ ਪੰਜਾਬੀ ਲਾਜ਼ਮੀ ਆਉਣੀ ਚਾਹੀਦੀ ਹੈ ਤੇ ਨਾਲ ਹੀ ਇਹ ਐਕਟ ਦੇ ਨਿਯਮ ਵੀ ਬਣਨ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ਭਾਸ਼ਾ ਤੇ ਲਿਪੀ ਨੂੰ ਇੱਕੋ ਨਾ ਸਮਝਿਆ ਜਾਵੇ। ਦਿੱਲੀ ਗੁਰਦੁਆਰਾ ਐਕਟ ਵਿੱਚ ਜੇ ਇਹ ਨਿਯਮ ਹੈ ਤਾਂ ਹਰੇਕ ਨੂੰ ਪੰਜਾਬੀ ਚੰਗੀ ਤਰ੍ਹਾਂ ਪੜ੍ਹਨੀ ਆਉਂਦੀ ਹੋਵੇ ਤੇ ਗੁਰਮੁਖੀ ਲਿਪੀ ਦਾ ਗਿਆਨ ਵੀ ਹੋਵੇ। ਗੁਰਮੁਖੀ ਲਿਪੀ ਪਿੱਛੇ ਭਾਵਨਾ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨਾ ਆਉਣਾ ਚਾਹੀਦਾ ਹੈ। ਇਸੇ ਦੌਰਾਨ ਜਾਗੋ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਸਣੇ ਸਮੁੱਚੀ ਕਾਰਜਕਾਰੀ ਕਮੇਟੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਰਸਾ ਦੀ ਨਾਕਾਮੀ ਬਾਦਲ ਦਲ ਦੇ ਪ੍ਰਬੰਧ ਲਈ ਵੱਡੀ ਹਾਰ ਹੈ। ਦਿੱਲੀ ਕਮੇਟੀ ਦੇ ਸਾਰੇ ਨਵੇਂ ਚੁਣੇ 46 ਮੈਂਬਰਾਂ ਦਾ ਗੁਰਮੁਖੀ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਗੁਰਦੁਆਰਾ ਐਕਟ-10 ਵਿੱਚ ਇਹ ਨਿਯਮ ਹੈ ਕਿ ਮੈਂਬਰਾਂ ਨੂੰ ਪੰਜਾਬੀ/ ਗੁਰਮੁਖੀ ਦਾ ਗਿਆਨ ਹੋਵੇ।