ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਨਵੰਬਰ
ਦਿੱਲੀ ਵਿੱਚ ਇੱਕ ਨਵੀਂ ਆਬਕਾਰੀ ਪ੍ਰਣਾਲੀ ਦੀ ਸ਼ੁਰੂਆਤ ਦੇ ਨਾਲ ‘ਵਾਕ-ਇਨ ਸਹੂਲਤਾਂ’ ਵਾਲੀਆਂ ਪੌਸ਼ ਦੁਕਾਨਾਂ ਖੁੱਲ੍ਹ ਰਹੀਆਂ ਹਨ, ਜਦੋਂ ਕਿ ਰੈਸਟੋਰੈਂਟ ਬੋਤਲਾਂ ’ਚ ਸ਼ਰਾਬ ਪਰੋਸਣਗੇ। ਦਿੱਲੀ ਦੀ ਨਵੀਂ ਟੈਕਸ ਨੀਤੀ ਮੁਤਾਬਕ ਸ਼ਹਿਰ ਦੇ 32 ਜ਼ੋਨਾਂ ’ਚ ਸ਼ਰਾਬ ਦੀਆਂ ਆਧੁਨਿਕ ਦੁਕਾਨਾਂ ਲਗਾਈਆਂ ਜਾਣਗੀਆਂ। ਇੱਕ ਰਿਟੇਲ ਲਾਇਸੰਸਧਾਰਕ ਕੋਲ ਪ੍ਰਤੀ ਜ਼ੋਨ 27 ਸ਼ਰਾਬ ਦੇ ਸਟੋਰ ਹੋਣਗੇ। ਨਵੀਂ ਨੀਤੀ ਸ਼ਹਿਰ ਦੇ ਰਵਾਇਤੀ ਸ਼ਰਾਬ ਦੇ ਠੇਕਿਆਂ ਨੂੰ ਆਧੁਨਿਕ ਤੇ ਸਟਾਈਲਿਸ਼ ਸ਼ਰਾਬ ਸਟੋਰਾਂ ਨਾਲ ਬਦਲਣ ਦਾ ਇਰਾਦਾ ਰੱਖਦੀ ਹੈ,ਜੋ ਘੱਟੋ-ਘੱਟ 500 ਵਰਗ ਫੁੱਟ ਦੇ ਆਕਾਰ ਦੇ ਹਨ ਅਤੇ ਵਾਕ-ਇਨ ਸੇਵਾ ਦੀ ਪੇਸ਼ਕਸ਼ ਕਰਦੇ ਹਨ। ਇਹ ਸਟੋਰ ਵੱਡੇ, ਚੰਗੀ ਰੋਸ਼ਨੀ ਵਾਲੇ ਹੋਣਗੇ। ਨਵੀਂ ਸ਼ਰਾਬ ਪ੍ਰਣਾਲੀ ਦੇ ਪਹਿਲੇ ਦਿਨ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਰਾਸ਼ਟਰੀ ਰਾਜਧਾਨੀ ਵਿੱਚ ਸ਼ਰਾਬ ਦੀ ਘਾਟ ਬਾਰੇ ਫਿਕਰਮੰਦੀ ਜ਼ਾਹਰ ਕੀਤੀ। ਦਿੱਲੀ ਸਰਕਾਰ ਨੇ ਬੀਤੇ ਦਿਨ ਪ੍ਰਚੂਨ ਸ਼ਰਾਬ ਦੇ ਕਾਰੋਬਾਰ ਨੂੰ ਬੰਦ ਕਰ ਦਿੱਤਾ। ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਕਿ ਲੋਕਾਂ ਨੂੰ ਅਸੁਵਿਧਾ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਵਿਆਪਕ ਪ੍ਰਕਿਰਿਆਵਾਂ ਕੀਤੀਆਂ ਗਈਆਂ ਹਨ। ਇੱਕ ਅਧਿਕਾਰੀ ਨੇ ਕਿਹਾ ਕਿ ਲਗਭਗ 350 ਦੁਕਾਨਾਂ ਨੂੰ ਆਰਜ਼ੀ ਲਾਇਸੈਂਸ ਦਿੱਤੇ ਹਨ ਤੇ 10 ਥੋਕ ਲਾਇਸੈਂਸਧਾਰੀਆਂ ਨਾਲ 200 ਤੋਂ ਵੱਧ ਬ੍ਰਾਂਡਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ। ਨਵਾਂ ਆਬਕਾਰੀ ਨਿਯਮ ਰੈਸਟੋਰੈਂਟਾਂ ਨੂੰ ਬੋਤਲਾਂ ਵਿੱਚ ਸ਼ਰਾਬ ਵੇਚਣ ਦੀ ਵੀ ਇਜਾਜ਼ਤ ਦਿੰਦਾ ਹੈ। ਐਲ-17 ਰੈਸਟੋਰੈਂਟਾਂ ਵਿੱਚ ਸ਼ਰਾਬ ਨੂੰ ਗਿਲਾਸਾਂ ਜਾਂ ਪੂਰੀਆਂ ਬੋਤਲਾਂ ਵਿੱਚ ਪੇਸ਼ ਕੀਤਾ ਜਾਵੇਗਾ ਤੇ ਪਾਲਿਸੀ ਅਨੁਸਾਰ, ਲਾਇਸੈਂਸਧਾਰਕ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ ਕਿ ਕੋਈ ਵੀ ਬੋਤਲ ਇਮਾਰਤ ਤੋਂ ਬਾਹਰ ਨਾ ਨਿਕਲੇ।