ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਪਰੈਲ
ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਸਾਹਿਬ ਸਿੰਘ ਨੇ ਦੋਸ਼ ਲਾਇਆ ਕਿ ਨਜਫਗੜ੍ਹ ਵਿੱਚ ਨਿਰਮਾਣ ਅਧੀਨ 100 ਬਿਸਤਰਿਆਂ ਵਾਲੇ ਹਸਪਤਾਲ ਦਾ ਕੰਮ ਮੁਕੰਮਲ ਨਹੀਂ ਹੋ ਰਿਹਾ, ਕਿਉਂਕਿ ਦਿੱਲੀ ਸਰਕਾਰ ਵੱਲੋਂ ਦਰੱਖਤ ਨੂੰ ਉਥੋਂ ਹਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਤੋਂ ਪਿਛਲੇ 3 ਸਾਲਾਂ ਤੋਂ ਹਸਪਤਾਲ ਦੇ ਬਾਹਰ ਰੁੱਖ ਹਟਾਉਣ ਦੀ ਇਜਾਜ਼ਤ ਮੰਗੀ ਗਈ ਹੈ, ਪਰ ਦਿੱਲੀ ਸਰਕਾਰ ਇਸ ਮੁੱਦੇ ’ਤੇ ਕੰਨਾਂ ਵਿਚ ਤੇਲ ਪਾ ਕੇ ਬੈਠੀ ਹੈ। ਸ੍ਰੀ ਸਿੰਘ ਨੇ ਕਿਹਾ ਕਿ ਜੇ ਸਮੇਂ ਸਿਰ ਰੁੱਖ ਹਟਾਉਣ ਦੀ ਇਜਾਜ਼ਤ ਮਿਲ ਜਾਂਦੀ ਤਾਂ ਅੱਜ ਕਰੋਨਾ ਸੰਕਟ ਵਿੱਚ ਇਲਾਕੇ ਦੇ ਲੋਕਾਂ ਨੂੰ ਇਸ ਹਸਪਤਾਲ ਦੇ ਮੁਕੰਮਲ ਹੋਣ ਤੋਂ ਵੱਡੀ ਰਾਹਤ ਮਿਲ ਸਕਦੀ ਹੈ। ਪ੍ਰਵੇਸ਼ ਸਾਹਿਬ ਸਿੰਘ ਨੇ ਦੱਸਿਆ ਕਿ ਇਸ ਹਸਪਤਾਲ ਦਾ ਨੀਂਹ ਪੱਥਰ 4 ਮਾਰਚ 2019 ਨੂੰ ਰੱਖਿਆ ਗਿਆ ਸੀ ਪਰ ਇੱਕ ਸਾਲ ਪਹਿਲਾਂ ਉਥੋਂ ਦਰੱਖਤਾਂ ਨੂੰ ਹਟਾਉਣ ਦੀ ਆਗਿਆ ਮੰਗਣ ਦੇ ਬਾਵਜੂਦ ਵਣ ਵਿਭਾਗ ਨੇ ਅੱਜ ਤੱਕ ਦਿੱਲੀ ਸਰਕਾਰ ਨੂੰ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ‘ਰੂਰਲ ਹੈਲਥ ਟ੍ਰੇਨਿੰਗ ਸੈਂਟਰ’ ਦੀ ਜ਼ਮੀਨ ’ਤੇ ਬਣਾਇਆ ਜਾ ਰਿਹਾ ਇਹ ਹਸਪਤਾਲ ਖੇਤਰ ਦੀ 15 ਲੱਖ ਆਬਾਦੀ ਨੂੰ ਬਿਹਤਰ ਡਾਕਟਰੀ ਦੇਖਭਾਲ ਮੁਹੱਈਆ ਕਰਵਾ ਸਕਦਾ ਹੈ। ਇਸ ਨਾਲ ਖੇਤਰ ਦੇ ਆਸ-ਪਾਸ ਦੇ 75 ਪਿੰਡਾਂ ਦੇ ਵਸਨੀਕਾਂ ਨੂੰ ਸਿੱਧਾ ਫ਼ਾਇਦਾ ਹੋਵੇਗਾ। ਹਸਪਤਾਲ ਵਿੱਚ ਐਮਰਜੈਂਸੀ ਸਹੂਲਤਾਂ ਵਾਲੇ ਆਈਸੀਯੂ, ਜੱਚਾ ਬੱਚੇ ਵਿਭਾਗ ਤੇ ਆਕਸੀਜਨ ਪਲਾਂਟ ਦਾ ਪ੍ਰਬੰਧ ਵੀ ਹੈ ਪਰ ਕੇਜਰੀਵਾਲ ਸਰਕਾਰ ਕਾਰਨ ਇਹ ਕੰਮ ਰੁਕ ਗਿਆ ਹੈ। ਇਸ ਮਾਮਲੇ ਵਿਚ ਆਗਿਆ ਪ੍ਰਾਪਤ ਕਰਨ ਲਈ ਅਧਿਕਾਰੀਆਂ ਨੇ ਕਈ ਪੱਤਰ ਲਿਖੇ ਤੇ ਪ੍ਰਾਇਮਰੀ ਪੱਧਰ ‘ਤੇ ਮੀਟਿੰਗਾਂ ਵੀ ਕੀਤੀਆਂ। ਸੰਸਦ ਮੈਂਬਰ ਨੇ ਮੁੱਖ ਮੰਤਰੀ ਨੂੰ ਕਈ ਵਾਰ ਇਸ ਮਾਮਲੇ ਵਿੱਚ ਆਗਿਆ ਦੀ ਮੰਗ ਕੀਤੀ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਖ਼ੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 24 ਫਰਵਰੀ, 2020 ਨੂੰ ਪੱਤਰ ਲਿਖਿਆ ਸੀ ਤੇ ਉਨ੍ਹਾਂ ਦਾ ਸਹਿਯੋਗ ਮੰਗਿਆ ਸੀ। ਸੰਸਦ ਮੈਂਬਰ ਨੇ ਹੁਣ ਉਪ ਰਾਜਪਾਲ ਅਨਿਲ ਬੈਜਲ ਨੂੰ ਇੱਕ ਪੱਤਰ ਲਿਖਿਆ ਹੈ ਤੇ ਇਸ ਕੇਸ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।