ਨਵੀਂ ਦਿੱਲੀ, 25 ਨਵੰਬਰ
ਦਿੱਲੀ ਵਿੱਚ ਫਿਲਮ ਦੀ ਸ਼ੂਟਿੰਗ ਦੀ ਲਾਗਤ ਘੱਟ ਹੋਣ ਦੀ ਸੰਭਾਵਨਾ ਹੈ ਕਿਉਂਕਿ ਦਿੱਲੀ ਨਗਰ ਨਿਗਮ (ਐੱਮਸੀਡੀ) ਇਸ ਨਾਲ ਸਬੰਧਤ ਫੀਸਾਂ ਘਟਾਉਣ ਅਤੇ ਸਿਵਲ ਗਾਰਡਾਂ ਤੇ ਇੱਕ ਲਾਇਸੈਂਸ ਅਧਿਕਾਰੀ ਨੂੰ ਤਾਇਨਾਤ ਕਰਨ ਲਈ ਸਦਨ ਦੀ ਅਗਲੀ ਮੀਟਿੰਗ ਵਿੱਚ ਇੱਕ ਤਜਵੀਜ਼ ਪੇਸ਼ ਕਰਨ ਜਾ ਰਹੀ ਹੈ। ਐੱਮਸੀਡੀ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ, ‘‘ਇਸ ਤਜਵੀਜ਼ ਦਾ ਉਦੇਸ਼ ਦਿੱਲੀ ਵਿੱਚ ਫਿਲਮ ਦੀ ਸ਼ੂਟਿੰਗ ਲਈ ਅੱਠ ਘੰਟੇ ਦੀ ਸ਼ਿਫਟ ਲਈ 15,000 ਰੁਪਏ ਪ੍ਰਤੀ ਦਿਨ ਅਤੇ 24 ਘੰਟੇ ਦੀ ਸ਼ਿਫਟ ਲਈ 75,000 ਰੁਪਏ ਤੋਂ ਘਟਾ ਕੇ 25,000 ਰੁਪਏ ਕਰਨਾ ਹੈ।’’ ਇਸ ਅਨੁਸਾਰ ਐਮਸੀਡੀ ਪ੍ਰਾਪਰਟੀ ’ਤੇ ਫਿਲਮ ਦੀ ਸ਼ੂਟਿੰਗ ਲਈ ਨਿਰਧਾਰਤ ਸਮਾਂ ਅੱਠ ਘੰਟੇ ਦੀਆਂ ਤਿੰਨ ਸ਼ਿਫਟਾਂ ਵਿੱਚ ਵੰਡਿਆ ਜਾਵੇਗਾ। ਇਸ ਤੋਂ ਪਹਿਲਾਂ ਐੱਮਸੀਡੀ 24 ਘੰਟੇ ਦੇ ਪੂਰੇ ਦਿਨ ਲਈ 75,000 ਰੁਪਏ ਲੈਂਦੀ ਸੀ। ਤਜਵੀਜ਼ ਦਾ ਉਦੇਸ਼ ਐਮਸੀਡੀ ਦੇ ਸਾਰੇ ਖੇਤਰਾਂ ਵਿੱਚ ਫਿਲਮ ਦੀ ਸ਼ੂਟਿੰਗ ਲਈ ਇਜਾਜ਼ਤ ਲੈਣ ਵਾਸਤੇ ਇੱਕ ਵਾਰ ਦੀ ਰਜਿਸਟ੍ਰੇਸ਼ਨ ਫੀਸ ਨੂੰ 2,000 ਰੁਪਏ ਕਰਨਾ ਹੈ। ਐਮਸੀਡੀ ਫਿਲਮ ਕਰਮਚਾਰੀਆਂ ਲਈ ਪਾਰਕਿੰਗ ਦੀ ਸਹੂਲਤ ਵੀ ਪ੍ਰਦਾਨ ਕਰੇਗਾ ਅਤੇ ਪਾਰਕਿੰਗ ਲਈ ਇਕੱਠੀ ਕੀਤੀ ਗਈ ਫੀਸ ਨੂੰ ਸਬੰਧਤ ਵਿਭਾਗ ਨੂੰ ਟਰਾਂਸਫਰ ਕਰ ਦਿੱਤਾ ਜਾਵੇਗਾ। ਐਮਸੀਡੀ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਖੇਤਰਾਂ ਵਿੱਚ ਸ਼ੂਟਿੰਗ ਲਈ 25,000 ਰੁਪਏ ਦੀ ਸਕਿਓਰਿਟੀ ਡਿਪਾਜ਼ਿਟ ਜਮ੍ਹਾ ਕਰਨੀ ਪਵੇਗੀ। ਐਮਸੀਡੀ ਫਿਲਮ ਦੀ ਸ਼ੂਟਿੰਗ ਲਈ ਨਿਰਧਾਰਤ ਖੇਤਰਾਂ ਵਿੱਚ ਦੋ ਸਿਵਲ ਗਾਰਡ ਅਤੇ ਇੱਕ ਲਾਇਸੈਂਸ ਅਧਿਕਾਰੀ ਵੀ ਤਾਇਨਾਤ ਕਰੇਗਾ। -ਪੀਟੀਆਈ