ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਆਪਣੇ-ਆਪਣੇ ਘਰਾਂ ’ਤੇ, ਅਦਾਰਿਆਂ, ਸੰਸਥਾਵਾਂ, ਫੈਕਟਰੀਆਂ ਉਪਰ ਝੰਡੇ ਲਾਉਣ ਦੀ ਕੀਤੀ ਗਈ ਅਪੀਲ ਮਗਰੋਂ ਹੁਣ ਖਰਾਬ, ਫਟੇ ਜਾਂ ਸੁੱਟੇ ਗਏ ਝੰਡਿਆਂ ਨੂੰ ਸਾਂਭਣਾ ਚੁਣੌਤੀ ਬਣ ਗਿਆ ਹੈ। ਕੌਮੀ ਝੰਡੇ ਤਿਰੰਗੇ ਨੂੰ ਸਾਂਭਣ ਤੇ ਸਨਮਾਨ ਲਈ ਤੈਅ ਪ੍ਰਕਿਰਿਆ (ਕੋਡ) ਹੁੰਦੀ ਹੈ, ਜਿਸ ਦੀ ਪਾਲਣਾ ਨਾ ਕਰਨ ਦੇ ਖਦਸ਼ੇ ਪੈਦਾ ਹੋ ਗਏ ਹਨ। ਕਈ ਥਾਵਾਂ ਉਪਰ ਛੋਟੇ ਆਕਾਰ ’ਚ ਪਲਾਸਟਿਕ ਦੇ ਤਿਰੰਗੇ ਵੀ ਵਿਕੇ, ਜੋ ਬਾਅਦ ਵਿੱਚ ਸਮਾਗਮਾਂ ਮਗਰੋਂ ਥਾਂ-ਥਾਂ ਸੁੱਟ ਦਿੱਤੇ ਗਏ ਸਨ। ਚੇਤੇ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 22 ਜੁਲਾਈ ਨੂੰ ਬੇਨਤੀ ਕੀਤੀ ਗਈ ਸੀ ਕਿ 13 ਤੋਂ 15 ਅਗਸਤ ਤੱਕ 75ਵੇਂ ਆਜ਼ਾਦੀ ਦਿਵਸ ਮੌਕੇ ਹਰ ਘਰ ਤਿਰੰਗਾ ਲਹਿਰਾਇਆ ਜਾਵੇ।
ਹੁਣ ਬਚੇ ਜਾਂ ਫਟੇ-ਕੱਟੇ ਤਿਰੰਗਿਆਂ ਨੂੰ ਇੱਕਠੇ ਕਰਨ ਲਈ ਦਿੱਲੀ ਨਗਰ ਨਿਗਮ ਤੇ ਦਿੱਲੀ ਦੀਆਂ ਰੈਜ਼ੀਡੈਂਟ ਐਸੋਸੀਏਸ਼ਨਾਂ ਵੱਲੋਂ ਤਿਆਰੀ ਖਿੱਚੀ ਗਈ ਹੈ। ਅਧਿਕਾਰੀਆਂ ਮੁਤਾਬਕ ਸੱਭਿਆਚਾਰ ਮੰਤਰਾਲੇ ਵੱਲੋਂ 12 ਅਗਸਤ ਤੱਕ 20 ਕਰੋੜ ਝੰਡੇ ਲੋਕਾਂ ਵਿੱਚ ਵੰਡੇ ਗਏ ਸਨ। ਦਿੱਲੀ ਸਰਕਾਰ ਵੱਲੋਂ ਵੀ ਕੌਮੀ ਰਾਜਧਾਨੀ ਵਿੱਚ ਵੱਖ-ਵੱਖ ਮਹਿਕਮਿਆਂ ਰਾਹੀਂ ਤਿਰੰਗੇ ਵੰਡੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਬਚੇ ਜਾਂ ਫਟੇ-ਕੱਟੇ ਤਿਰੰਗਿਆਂ ਨੂੰ ਸਨਮਾਨ ਸਮੇਤ ਸਾਂਭਿਆ ਜਾਵੇਗਾ ਜਾਂ ਸਨਮਾਨ ਪੂਰਵਕ ਤੈਅ ਰਸਮ ਨਿਭਾਈ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਅਗਲੇ ਦਿਨਾਂ ਦੌਰਾਨ ਵੀ ਤਿਰੰਗੇ ਝੁੱਲਦੇ ਰਹਿਣ ਤਾਂ ਕੋਈ ਹਰਜ਼ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਵਾਧੂ ਤਿਰੰਗਿਆਂ ਨੂੰ ਸਾਂਭਣ ਲਈ ਦਿੱਲੀ ਵਿੱਚ ਇੱਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੈਨੀਟੇਸ਼ਨ ਇੰਸਪੈਕਟਰਾਂ ਜਾਂ ਜ਼ੋਨਲ ਅਧਿਕਾਰੀਆਂ ਨੂੰ ‘ਤਿਰੰਗਾ ਝੰਡਾ ਕੋਡ-2002’ ਤਹਿਤ ਸਾਂਭਣ ਲਈ ਸੰਪਰਕ ਕਰਨ।