ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜੂਨ
ਭਾਰਤੀ ਮੌਸਮ ਮਹਿਕਮੇ ਵੱਲੋਂ ਦਿੱਲੀ ਵਿੱਚ ਗਰਮੀ ਵਧਣ ਕਰਕੇ ਕੌਮੀ ਰਾਜਧਾਨੀ ’ਚ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਮਹਿਕਮੇ ਮੁਤਾਬਕ ਦਿਨ ਦਾ ਘੱਟੋ-ਘੱਟ ਤਾਪਮਾਨ 28.7 ਡਿਗਰੀ ਮਾਪਿਆ ਗਿਆ ਜਦੋਂ ਕਿ ਵੱਧ ਤੋਂ ਵੱਧ 44 ਡਿਗਰੀ ਮਾਪਿਆ ਗਿਆ। ਘੱਟੋ-ਘੱਟ ਤਾਪਮਾਨ ਆਮ ਨਾਲੋਂ ਡਿਗਰੀ ਵਧ ਰਿਹਾ। ਮਹਿਕਮੇ ਨੇ ਲੋਕਾਂ ਨੂੰ ਬਿਨਾਂ ਕੰਮ ਤੋਂ ਘਰੋਂ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਦਿੱਲੀ ਦੇ ਸਫ਼ਦਰਜੰਗ ਆਬਜ਼ਰਵੇਟਰੀ ਵਿੱਚ ਪਾਰਾ 44 ਡਿਗਰੀ ਦੇ ਕਰੀਬ ਪਹੁੰਚ ਗਿਆ ਹਾਲਾਂਕਿ ਕਈ ਇਲਾਕਿਆਂ ਵਿੱਚ 43 ਡਿਗਰੀ ਵੀ ਰਿਹਾ। ਅੱਜ ਕੜਕ ਧੁੱਪ ਪਈ ਜਿਸ ਕਰਕੇ ਕੁੱਝ ਇਲਾਕਿਆਂ ਵਿੱਚ ਲੂ ਵੀ ਚੱਲੀ ਜਿਸ ਕਾਰਨ ਪਾਰਾ ਵਧਿਆ। ਦਿੱਲੀ ਦੇ ਬੇਸ ਸਟੇਸ਼ਨ ਸਫਦਰਜੰਗ ਆਬਜ਼ਰਵੇਟਰੀ ਵਿੱਚ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਹਿਕਮਾ ਮੌਸਮ ਦੀਆਂ ਚੇਤਾਵਨੀਆਂ ਲਈ ਚਾਰ ਰੰਗ ਕੋਡ ਵਰਤਦਾ ਹੈ, ਹਰਾ (ਕੋਈ ਕਾਰਵਾਈ ਦੀ ਲੋੜ ਨਹੀਂ), ਪੀਲਾ (ਦੇਖੋ ਤੇ ਅਪਡੇਟ ਰਹੋ), ਸੰਤਰੀ (ਤਿਆਰ ਰਹੋ) ਤੇ ਲਾਲ (ਕਾਰਵਾਈ ਕਰੋ)। ਸਕਾਈਮੇਟ ਵੇਦਰ ਦੇ ਉਪ ਪ੍ਰਧਾਨ (ਜਲਵਾਯੂ ਪਰਿਵਰਤਨ ਅਤੇ ਮੌਸਮ ਵਿਗਿਆਨ) ਮਹੇਸ਼ ਪਲਾਵਤ ਨੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼, ਦੱਖਣੀ ਉੱਤਰ ਪ੍ਰਦੇਸ਼ ਤੇ ਦਿੱਲੀ-ਐੱਨਸੀਆਰ ਦੇ ਹਿੱਸਿਆਂ ਵਿੱਚ ਲੂ ਚੱਲੀ।
ਰਾਜਧਾਨੀ ਦੀ ਹਵਾ ਪ੍ਰਦੂਸ਼ਿਤ ਹੋਈ
ਨਵੀਂ ਦਿੱਲੀ: ਦਿੱਲੀ ਦੀ ਆਬੋ-ਹਵਾ ਸ਼ਨਿਚਰਵਾਰ ਨੂੰ ਮਾੜੀ ਦਰਜ ਕੀਤੀ ਗਈ। ਪੂਰਬੀ ਦਿੱਲੀ ਦੇ ਆਨੰਦ ਵਿਹਾਰ ਵਿੱਚ ਹਵਾ ਸ਼ੁੱਧਤਾ ਸੂਚਕਅੰਕ (ਏਕਿਊਆਈ) 343 ਦਰਜ ਕੀਤਾ ਗਿਆ। ਉੱਤਰੀ ਦਿੱਲੀ ਦੁਆਰਕਾ ਸੈਕਟਰ-8 ਵਿੱਚ 209, ਤੇ ਪੱਛਮੀ ਦਿੱਲੀ ਵਿੱਚ ਮੰਦਰ ਮਾਰਗ ’ਤੇ 314, ਕੇਂਦਰੀ ਦਿੱਲੀ ਵਿੱਚ 171, ਦੱਖਣ-ਪੱਛਮੀ ਦਿੱਲੀ ਵਿੱਚ 228 ਤੇ ਸਿਰੀ ਫੋਰਟ ਵਿੱਚ 169 ਦਰਜ ਕੀਤਾ ਗਿਆ। ਬੀਤੇ 4 ਸਾਲਾਂ ਦੇ ਮੁਕਾਬਲੇ 2022 ਦੌਰਾਨ ਪ੍ਰਦੂਸ਼ਣ ਦਾ ਪੱਧਰ ਖਾਸਾ ਖਰਾਬ ਰਿਹਾ। ਕੇਂਦਰੀ ਪ੍ਰਦਸ਼ੂਣ ਕੰਟਰੋਲ ਮੁਤਾਬਕ 1 ਜਨਵਰੀ ਤੋਂ 31 ਮਈ ਤੱਕ ਹਵਾ ਦੀ ਗੁਣਵਤਾ ਦੇ ਮਾੜੇ ਦਿਨ 2018 ਦੇ ਮੁਕਾਬਲੇ ਜ਼ਿਆਦਾ ਰਹੇ।