ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਾਏ ਜਾ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਾਲਕਾ ਜੀ ਦੀ ਨਵੀਂ ਟੀਮ ਬਣਾਈ ਗਈ। ਇਸ ਵਿਚ ਉਘੇ ਸਮਾਜਸੇਵੀ ਸਤਨਾਮ ਸਿੰਘ ਨੂੰ ਸਕੂਲ ਦਾ ਚੇਅਰਮੈਨ ਅਤੇ ਕਮਲਜੀਤ ਸਿੰਘ ਪਰਦੇਸੀ ਨੂੰ ਮੈਨੇਜਰ ਬਣਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਸਕੂਲਾਂ ਦੇ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਕਾਬਿਲ ਅਤੇ ਬੁੱਧੀਜੀਵੀ ਲੋਕਾਂ ਨੂੰ ਸਕੂਲ ਦੇ ਪ੍ਰਬੰਧਕੀ ਬੋਰਡ ਵਿਚ ਸ਼ਾਮਲ ਕਰਕੇ ਸੇਵਾਵਾਂ ਸੌਂਪੀਆਂ ਜਾ ਰਹੀਆਂ ਹਨ। ਇਸੇ ਕੜੀ ਵਿਚ ਅੱਜ ਕਾਲਕਾ ਜੀ ਸਕੂਲ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸਤਨਾਮ ਸਿੰਘ ਨੂੰ ਸੌਂਪਦਿਆਂ ਉਨ੍ਹਾਂ ਨੂੰ ਸਕੂਲ ਦਾ ਚੇਅਰਮੈਨ ਅਤੇ ਕਮਲਜੀਤ ਸਿੰਘ ਪਰਦੇਸੀ ਨੂੰ ਮੈਨੇਜਰ ਦੀ ਸੇਵਾ ਵੱਜੋਂ ਚਾਰਜ ਸੌਂਪਿਆ ਗਿਆ। ਹਰਮੀਤ ਸਿੰਘ ਕਾਲਕਾ ਵੱਲੋਂ ਖੁਦ ਪੁੱਜ ਕੇ ਨਵੇਂ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸੁਆਗਤ ਕੀਤਾ ਗਿਆ ਤੇ ਉਮੀਦ ਜਤਾਈ ਕਿ ਸਕੂਲ ਦੀ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਨਾਲ ਤਾਲਮੇਲ ਰੱਖ ਕੇ ਸਕੂਲ ਨੂੰ ਚੜ੍ਹਦੀ ਕਲਾ ਵਿਚ ਲਿਜਾਉਣ ਲਈ ਸਹਿਯੋਗ ਦੇਣਗੇ। ਇਸ ਮੌਕੇ ਕਾਲਕਾ ਜੀ ਹਲਕੇ ਦੀਆਂ ਉੱਘੀਆਂ ਸ਼ਖਸੀਅਤਾਂ ਅਤੇ ਅਕਾਲੀ ਦਲ ਵਰਕਰਾਂ ਨੇ ਸ਼ਮੂਲੀਅਤ ਕੀਤੀ।