ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਨਵੰਬਰ
‘ਬੀਐਸਈਐਸ’ ਯਮੁਨਾ ਪਾਵਰ ਲਿਮਟਿਡ ਨੇ ਅੱਜ ਤਿੰਨ ਐਂਬੂਲੈਂਸਾਂ ਤੇ 50 ਹੈਂਡ ਸੈਨੇਟਾਈਜ਼ਰ ਮਸ਼ੀਨਾਂ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਨੂੰ ਸੌਂਪੀਆਂ। ਦਿੱਲੀ ਸਕੱਤਰੇਤ ਵਿਖੇ ਆਯੋਜਿਤ ਇਕ ਸਧਾਰਣ ਸਮਾਰੋਹ ’ਚ ਸਿਹਤ ਮੰਤਰੀ ਸਤਿੰਦਰ ਜੈਨ ਨੇ ਤਿੰਨ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਤੇ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ। ਇਹ ਤਿੰਨੋਂ ਐਂਬੂਲੈਂਸਾਂ ਨੂੰ ਜੀਟੀਬੀ, ਜੀਬੀ ਪੰਤ ਤੇ ਦਿੱਲੀ ਦੇ ਲਾਲ ਬਹਾਦਰ ਹਸਪਤਾਲ ਦੇ ਹਵਾਲੇ ਕਰ ਦਿੱਤਾ ਗਿਆ। ਨਾਲ ਹੀ ਦਿੱਲੀ ਸਕੱਤਰੇਤ ਵਿਖੇ ਦੋ ਹੈਂਡ ਸੈਨੀਟਾਈਜ਼ਰ ਮਸ਼ੀਨਾਂ ਦਾ ਉਦਘਾਟਨ ਕੀਤਾ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਇਕ ਜੀਵਨ ਬਚਾਉਣ ਵਾਲੀ ਐਂਬੂਲੈਂਸ ਹੈ ਇਸ ਵਿਚ ਵੈਂਟੀਲੇਟਰ ਵੀ ਹੈ। ਇਸ ਮੌਕੇ ਬੀਐਸਈਐਸ ਯਮੁਨਾ ਪਾਵਰ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀ.ਆਰ. ਕੁਮਾਰ ਨੇ ਕਿਹਾ ਕਿ ਆਪਣੀ ਸੀਐਸਆਰ ਪਹਿਲਕਦਮੀ ‘ਸੁਰੱਖਿਆ’ ਤਹਿਤ ਤਿੰਨ ਐਂਬੂਲੈਂਸਾਂ ਤੇ 50 ਹੈਂਡ ਸੈਨੀਟਾਈਜ਼ਰ ਮਸ਼ੀਨਾਂ ਵੰਡ ਰਹੇ ਹਾਂ। ਹੈਂਡ ਸੈਨੇਟਾਈਜ਼ਰ ਮਸ਼ੀਨਾਂ ਦੇ ਨਾਲ ਤਾਪਮਾਨ ਮਾਪਣ ਵਾਲੀਆਂ ਮਸ਼ੀਨਾਂ ਵੀ ਦਿੱਤੀਆਂ ਜਾ ਰਹੀਆਂ ਹਨ। ਹਰੇਕ ਮਸ਼ੀਨ ਦੇ ਨਾਲ 10 ਲੀਟਰ ਸੈਨੀਟਾਈਜ਼ਰ ਵੀ ਦਿੱਤਾ ਹੈ। ਇਹ ਐਂਬੂਲੈਂਸਾਂ ਇਸ ਸਮੇਂ ਗੰਭੀਰ ਕਰੋਨਾ ਦੇ ਮਰੀਜ਼ਾਂ ਨੂੰ ਹਸਪਤਾਲ ਲਿਜਾਣ ਲਈ ਵਰਤੀਆਂ ਜਾਣਗੀਆਂ। ਦਿਲ ਦਾ ਦੌਰਾ, ਸਾਹ ਦੀਆਂ ਸਮੱਸਿਆਵਾਂ, ਝੁਲਸਣ, ਨਵਜਾਤ ਤੇ ਗੰਭੀਰ ਜਣੇਪੇ ਦੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਲਾਭ ਮਿਲੇਗਾ। ਜੈਨ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਗੰਭੀਰ ਮਰੀਜ਼ਾਂ ਨੂੰ ਇਸ ਸਹੂਲਤ ਦਾ ਲਾਭ ਮਿਲੇਗਾ। ਏਐਲਐਸ ਐਂਬੂਲੈਂਸ ਵਿੱਚ ਵੈਂਟੀਲੇਟਰ, ਆਕਸੀਜਨ, ਆਟੋਮੈਟਿਕ ਡਿਫਬਿ੍ਰਿਲੇਟਰ, ਮਲਟੀ ਪੈਰਾ ਮਾਨੀਟਰ, ਫੋਮੋਰਲ ਡੋਪਲਰ, ਐਮਰਜੈਂਸੀ ਦਵਾਈਆਂ ਤੇ ਪੈਰਾ ਮੈਡੀਕਲ ਸਟਾਫ ਹੋਣਗੇ।