ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਫਰਵਰੀ
ਕੇਂਦਰ ਸਰਕਾਰ ਵੱਲੋਂ ਆਈਆਈਟੀ ਦਿੱਲੀ ਵਿੱਚ ਬਣਾਇਆ ਜਾ ਰਿਹਾ ਸਾਇੰਸ ਪਾਰਕ ਇਸ ਸਾਲ ਅਪਰੈਲ ਤੱਕ ਬਣਨ ਦੀ ਉਮੀਦ ਹੈ। ਇਸ ਦੇ ਬਣ ਜਾਣ ਨਾਲ ਆਈਆਈਟੀ ਦੇ ਦਰਜੇ ਵਿੱਚ ਵੀ ਸੁਧਾਰ ਹੋ ਸਕੇਗਾ ਤੇ ਗੁਣਾਤਮਕ ਖੋਜ ਕਾਰਜਾਂ ਵਿੱਚ ਵੀ ਮਦਦ ਮਿਲੇਗੀ। ਹਾਲਾਂਕਿ ਇਹ ਪਾਰਕ 2020 ਵਿੱਚ ਪੂਰਾ ਹੋ ਜਾਣਾ ਸੀ ਪਰ ਕਰੋਨਾ ਦਾ ਪ੍ਰਛਾਵਾਂ ਇਸ ਪ੍ਰਾਜੈਕਟ ਉਪਰ ਵੀ ਪਿਆ ਤੇ ਉਸ ਦੀ ਨਿਰਮਾਣ ਰਫ਼ਤਾਰ ਮੱਠੀ ਪੈ ਗਈ। ਦਿੱਲੀ ਵਿੱਚ ਇਹ ਪਾਰਕ 2018 ਵਿੱਚ ਬਣਨਾ ਸ਼ੁਰੂ ਹੋਇਆ ਸੀ। ਇਸ ਪਾਰਕ ਦੇ ਬਣਨ ਮਗਰੋਂ ਖੋਜਾਰਥੀਆਂ ਨੂੰ ਆਧੁਨਿਕ ਸਹੂਲਤਾਂ ਮਿਣਗੀਆਂ ਤੇ ਆਈਆਈਟੀ ਰੈਂਕਿੰਗ ਵਿੱਚ ਸੁਧਾਰ ਹੋਵੇਗਾ। ਇਸ ਨੂੰ ਤਿਆਰ ਕਰਨ ਦਾ ਟੀਚਾ ਮਾਰਚ 2020 ਸੀ ਪਰ ਲੌਕਡਾਊਨ ਕਾਰਨ ਦੇਰੀ ਹੋਈ। ਇਸ ਸੰਸਥਾਨ ਦੇ ਡਾਇਰੈਕਟਰ ਪ੍ਰੋ. ਵੀ ਰਾਮਗੋਪਾਲ ਰਾਇ ਨੇ ਕਹਾ ਕਿ ਦਰਜੇ ਦੇ ਮੱਦੇਨਜ਼ਰ ਇਸ ਉੱਚ ਤਕਨੀਕੀ ਸੰਸਥਾਨ ਵਿੱਚ ਸੁਧਾਰ ਹੋਇਆ ਹੈ ਤੇ ਪਾਰਕ ਬਣ ਜਾਣ ਮਗਰੋਂ ਹੋਰ ਵੀ ਸੁਧਾਰ ਹੋਵੇਗਾ। ਇੱਥੇ ਕਰੀਬ 100 ਕੰਪਨੀਆਂ ਨੂੰ ਕਿਰਾਏ ਉਪਰ ਥਾਂ ਦਿੱਤੀ ਜਾਵੇਗੀ ਜੋ ‘ਸਟਾਰਟਅੱਪ’ ਕੰਪਨੀਆਂ, ਖੋਜ ਕਾਰਜਾਂ ਨਾਲ ਜੁੜੀਆਂ ਸੰਸਥਾਵਾਂ, ਤਕਨੀਕੀ ਖੇਤਰ ਦੀਆਂ ਕੰਪਨੀਆਂ ਵਿਦਿਆਰਥੀਆਂ ਤੋਂ ਆਪਣੇ ਪ੍ਰਾਜੈਕਟ ਪੂਰੇ ਕਰਵਾਉਣਗੀਆਂ। ਜ਼ਿਆਦਾ ਪ੍ਰਾਜੈਕਟ ਦੇਣ ਵਾਲੀਆਂ ਕੰਪਨੀਆਂ ਨੂੰ ਕਿਰਾਏ ਵਿੱਚ ਛੂਟ ਵੀ ਦਿੱਤੀ ਜਾਵੇਗੀ। ਸਾਇੰਸ ਕੇਂਦਰ ਵਿਦਿਆਰਥੀਆਂ ਦੀ ਪ੍ਰਤਿਭਾ ਨਿਖ਼ਾਰਨ ਦਾ ਕਾਰਜ ਕਰਨ ਤੇ ਤਜਰਬਾ ਦੇਣ ਵਿੱਚ ਸਹਾਈ ਹੋਵੇਗਾ।