ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਅਗਸਤ
ਕੇਜਰੀਵਾਲ ਸਰਕਾਰ ਦਾ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਹੰਗਾਮਾ ਭਰਪੂਰ ਹੋਵੇਗਾ ਕਿਉਂਕਿ ਇਸ ਸੈਸ਼ਨ ਵਿੱਚ ਦਿੱਲੀ ਸਰਕਾਰ ਵੱਲੋਂ ਭਰੋਸੇ ਦਾ ਮਤਾ ਪੇਸ਼ ਕਰ ਕੇ ਆਪਣੇ ਆਪ ਨੂੰ 6 ਮਹੀਨੇ ਲਈ ਸੁਰੱਖਿਅਤ ਕਰ ਲਿਆ ਜਾਵੇਗਾ, ਕਿਉਂਕਿ ‘ਆਪ’ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਭਾਜਪਾ ‘ਅਪਰੇਸ਼ਨ ਲੋਟਸ’ ਤਹਿਤ ਉਸ ਦੇ ਵਿਧਾਇਕਾਂ ਨੂੰ ਖਰੀਦਣ ਦੀ ਤਾਕ ਵਿੱਚ ਸੀ। ਇਸ ਸੈਸ਼ਨ ਰਾਹੀਂ ‘ਆਪ’ ਇਹ ਦੱਸਣ ਦੀ ਕੋਸ਼ਿਸ਼ ਕਰੇਗੀ ਕਿ ਕਿਸੇ ਵੀ ਵਿਧਾਇਕ ਨੂੰ ਭਾਜਪਾ ਨੇ ਨਹੀਂ ਖਰੀਦਿਆ।
ਦਿੱਲੀ ਵਿਧਾਨ ਸਭਾ ਵਿੱਚ ਕੁੱਲ 70 ਵਿੱਚੋਂ 62 ਵਿਧਾਇਕ ‘ਆਪ’ ਦੇ ਹਨ ਤੇ 8 ਵਿਧਾਇਕ ਭਾਜਪਾ ਦੇ ਹਨ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਭਾਜਪਾ ਨੇ ਅਪਰੇਸ਼ਨ ਲੋਟਸ ਤਹਿਤ 20-20 ਕਰੋੜ ਨਾਲ ਉਨ੍ਹਾਂ ਦੇ 40 ਵਿਧਾਇਕਾਂ ਨੂੰ ਖਰੀਦਣ ਦਾ ਨਿਸ਼ਾਨਾ ਮਿੱਥਿਆ ਸੀ ਪਰ ਭਾਜਪਾ ਦਾ ਅਪਰੇਸ਼ਨ ਦਿੱਲੀ ਵਿੱਚ ਨਾਕਾਮ ਸਾਬਤ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇਹ ਅਪਰੇਸ਼ਨ ਚਿੱਕੜ ਸਾਬਤ ਹੋਇਆ।
ਭਾਜਪਾ ਵੱਲੋਂ ਭਲਕੇ ਫਿਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਤੇ ਆਬਕਾਰੀ ਨੀਤੀ ਦੀ ਸੀਬੀਆਈ ਜਾਂਚ ਦੀ ਜੱਦ ਵਿੱਚ ਆਏ ਸ੍ਰੀ ਸਿਸੋਦੀਆ ਤੋਂ ਨਵੀਂ ਸ਼ਰਾਬ ਨੀਤੀ ਵਾਪਸ ਲੈਣ ਪਿੱਛੇ ਮੱੁਖ ਕਾਰਨ ਬਾਰੇ ਸਵਾਲ ਦਾਗ਼ੇ ਜਾਣਗੇ। ਭਾਜਪਾ ਆਗੂਆਂ ਨੇ ਕਿਹਾ ਕਿ ਉਹ ਸ਼ਰਾਬ ਨੀਤੀ ਨੂੰ ਕੇਂਦਰ ਬਿੰਦੂ ਵਿੱਚ ਰੱਖਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ‘ਆਪ’ ਵੱਲੋਂ ਸੈਸ਼ਨ ਸੱਦਣ ਦਾ ਨਾਟਕ ਸਿਰਫ਼ ਲੋਕਾਂ ਦਾ ਧਿਆਨ ਸ਼ਰਾਬ ਨੀਤੀ ਤਹਿਤ ਕੀਤੇ ਕਥਿਤ ਘੁਟਾਲੇ ਤੋਂ ਭਟਕਾਉਣ ਦੀ ਇੱਕ ਕੋਸ਼ਿਸ਼ ਮਾਤਰ ਹੈ।
ਕੇਜਰੀਵਾਲ ਸਰਕਾਰ ਨੇ ਵਿਸ਼ੇਸ਼ ਸੈਸ਼ਨ ਦਾ ਸਮਾਂ ਬਰਬਾਦ ਕੀਤਾ: ਕਾਂਗਰਸ
ਨਵੀਂ ਦਿੱਲੀ: ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਦੇ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਵਿੱਚ ਕੇਜਰੀਵਾਲ ਸਰਕਾਰ ਨੇ ਨਵੀਂ ਸ਼ਰਾਬ ਨੀਤੀ ਨੂੰ ਲਾਗੂ ਕਰਨ ਵਿੱਚ ਹੋਏ ਵੱਡੇ ਭ੍ਰਿਸ਼ਟਾਚਾਰ ਬਾਰੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਸਗੋਂ ਸੈਸ਼ਨ ਦਾ ਸਮਾਂ ਬਰਬਾਦ ਹੀ ਕੀਤਾ। ਉਨ੍ਹਾਂ ਕਿਹਾ ਕਿ 29 ਅਗਸਤ ਨੂੰ ਸੈਸ਼ਨ ਵਿੱਚ ਕੇਜਰੀਵਾਲ ਦਿੱਲੀ ਵਿਧਾਨ ਸਭਾ ਸੈਸ਼ਨ ਦਾ ਕੀਮਤੀ ਸਮਾਂ ਬਰਬਾਦ ਨਹੀਂ ਕਰਨਗੇ ਤੇ ਭ੍ਰਿਸ਼ਟਾਚਾਰ ਨਾਲ ਜੁੜੇ ਹਰ ਸਵਾਲ ਦਾ ਸਹੀ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ’ਚ ਆਪਣੇ ਲੰਬੇ ਭਾਸ਼ਣ ’ਚ ਸਿਸੋਦੀਆ ਨੇ ਸ਼ਰਾਬ ਘੁਟਾਲੇ ਪਿੱਛੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕੋਈ ਜਵਾਬ ਨਹੀਂ ਦਿੱਤਾ ਤੇ ਨਾ ਹੀ ਇਸ ਗੱਲ ਦਾ ਜਵਾਬ ਦਿੱਤਾ ਹੈ ਕਿ ਕੌਮੀ ਰਾਜਧਾਨੀ ’ਚ ਸ਼ਰਾਬ ਦੇ ਨਵੇਂ ਸੌਦੇ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਕਿਵੇਂ ਚੱਲਿਆ।