ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਸਤੰਬਰ
ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਅੱਜ ਇੱਥੇ ਕਿਹਾ ਕਿ ਦਿੱਲੀ ਸਰਕਾਰ 15 ਅਕਤੂਬਰ ਤੋਂ ਆਪਣੀ ਪੌਦੇ ਲਗਾਉਣ ਦੀ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕਰੇਗੀ ਜੋ ਯਮੁਨਾ ਦੇ ਹੜ੍ਹ ਮਾਰੇ ਮੈਦਾਨਾਂ ਵਿੱਚ ਬੂਟੇ ਲਗਾਉਣ ’ਤੇ ਧਿਆਨ ਕੇਂਦਰਿਤ ਹੋਵੇਗਾ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਾਲ 35 ਲੱਖ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਸੀ ਤੇ ਇਨ੍ਹਾਂ ਵਿੱਚੋਂ 33 ਲੱਖ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ। ਇਸ ਲਈ ਟੀਚਾ ਵਧਾ ਕੇ 42 ਲੱਖ ਕਰਨ ਦਾ ਫੈਸਲਾ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਪੌਦੇ ਲਗਾਉਣ ਦੇ ਟੀਚੇ ਨੂੰ ਵਧਾਇਆ ਜਾ ਰਿਹਾ ਹੈ। ਦੂਜਾ ਪੜਾਅ ਮਾਰਚ ਦੇ ਅੰਤ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਯਮੁਨਾ ਦੇ ਹੜ੍ਹ ਮਾਰੇ ਮੈਦਾਨਾਂ ਵਿੱਚ ਬੂਟੇ ਲਗਾਉਣ ’ਤੇ ਧਿਆਨ ਦਿੱਤਾ ਜਾਵੇਗਾ।ਪੌਦੇ ਲਗਾਉਣ ਦੀਆਂ ਮੁਹਿੰਮਾਂ ਦੇ ਆਡਿਟ ਨੇ ਯਮੁਨਾ ਦੇ ਹੜ੍ਹ ਦੇ ਮੈਦਾਨਾਂ ਵਿੱਚ ਮੌਨਸੂਨ ਦੇ ਮੌਸਮ ਤੋਂ ਪਹਿਲਾਂ ਜਾਂ ਇਸ ਦੌਰਾਨ ਲਗਾਏ ਗਏ ਇਹ ਬੂਟੇ ਹੜ੍ਹਾਂ ਕਾਰਨ ਮਰ ਜਾਂਦੇ ਹਨ। ਇਸ ਲਈ ਆਪਣੀ ਰਣਨੀਤੀ ਬਦਲਣ ਦਾ ਫੈਸਲਾ ਕੀਤਾ ਹੈ। ਮੌਨਸੂਨ ਦੇ ਮੌਸਮ ਵਿੱਚ ਹੜ੍ਹ ਦੇ ਮੈਦਾਨਾਂ ਵਿੱਚ ਕੋਈ ਬੂਟੇ ਨਹੀਂ ਲਗਾਏ। ਹੁਣ ਸਰਕਾਰ 15 ਅਕਤੂਬਰ ਤੋਂ ਪੌਦੇ ਲਗਾਉਣ ਦੀ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕਰੇਗੀ।
ਸਰਦ ਰੁੱਤ ਕਾਰਜ ਯੋਜਨਾ ਦੀ ਰਣਨੀਤੀ ਲਈ ਮੀਟਿੰਗ ਭਲਕੇ
ਨਵੀਂ ਦਿੱਲੀ: ਦਿੱਲੀ ਸਰਕਾਰ ਸ਼ਹਿਰ ਦੇ ਵਧਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਇੱਕ ਸਰਦ ਰੁੱਤ ਕਾਰਜ ਯੋਜਨਾ ਬਣਾ ਰਹੀ ਹੈ। ਇਸ ਰਣਨੀਤੀ ਬਾਰੇ ਵਿਚਾਰ ਕਰਨ ਲਈ 16 ਸਤੰਬਰ ਨੂੰ ਸਾਰੇ ਵਿਭਾਗ ਸਾਂਝੇ ਤੌਰ ’ਤੇ ਮੀਟਿੰਗ ਕਰਨਗੇ। ਦਿੱਲੀ ਸਰਕਾਰ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਖੇਤਾਂ ਵਿੱਚ ਬਾਇਓ-ਡੀਕੰਪੋਜ਼ਰ ਦਾ ਛਿੜਕਾਅ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੂੰ ਭੇਜੇ ਇੱਕ ਪੱਤਰ ਵਿੱਚ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸਰਦੀਆਂ ਦੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਇੱਕ ਸਹਿਯੋਗੀ ਕਾਰਜ ਯੋਜਨਾ ਬਣਾਉਣ ਤੇ ਚਰਚਾ ਕਰਨ ਲਈ ਸਮਾਂ ਮੰਗਿਆ ਹੈ। ਦਿੱਲੀ ਲਈ ਸਰਦ ਰੁੱਤ ਕਾਰਜ ਯੋਜਨਾ ਪਰਾਲੀ, ਧੂੜ ਪ੍ਰਦੂਸ਼ਣ, ਵਾਹਨਾਂ ਦੇ ਨਿਕਾਸ, ਕੂੜੇ ਨੂੰ ਖੁੱਲ੍ਹੇਆਮ ਸਾੜਨ, ਉਦਯੋਗਿਕ ਪ੍ਰਦੂਸ਼ਣ,‘ਗਰੀਨ ਵਾਰ ਰੂਮ’ ਤੇ ‘ਗਰੀਨ ਦਿੱਲੀ’ ਐਪਲੀਕੇਸ਼ਨ ਦੀ ਸਿਰਜਣਾ, ਪ੍ਰਦੂਸ਼ਣ ਲਈ ਹੌਟਸਪੌਟਸ ਦੇ ਅਧਿਐਨ ’ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਸਮੋਗ ਟਾਵਰ, ਈ-ਵੇਸਟ ਪਾਰਕ, ਪੌਦੇ ਲਗਾਉਣ, ਈਕੋ-ਫਾਰਮਿੰਗ, ਜਨਤਕ ਸ਼ਮੂਲੀਅਤ, ਪਟਾਕੇ ਨਾ ਚਲਾਉਣ ਤੇ ਗੁਆਂਢੀ ਰਾਜਾਂ ਨਾਲ ਸਹਿਯੋਗੀ ਯਤਨ ਕੀਤੇ ਜਾਣਗੇ।