ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਕਤੂਬਰ
ਦਿੱਲੀ ਦੇ ਟਿਕਰੀ ਬਾਰਡਰ ’ਤੇ ਚੱਲ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਦੀ ਕਾਰਵਾਈ ਔਰਤਾਂ ਵੱਲੋਂ ਸੰਭਾਲੀ ਗਈ। ਅੱਜ ਦੀ ਸਟੇਜ ਤੋਂ ਸੁਖਜੀਤ ਕੌਰ ਬੁੱਕਣਵਾਲਾ ਤੇ ਮਹਿੰਦਰ ਕੌਰ ਸੱਦਾ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਸੰਘਰਸ਼ ਔਰਤਾਂ ਵਾਸਤੇ ਸਕੂਲ/ ਕਾਲਜ ਤੇ ਯੂਨੀਵਰਸਿਟੀ ਬਣ ਗਿਆ ਹੈ। ਲੋਕਾਂ ’ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਪਿਛਲੇ ਚਾਰ ਦਹਾਕਿਆਂ ਤੋਂ ਲੋਕ ਵਿਰੋਧੀ ਨੀਤੀਆਂ ਲਿਆ ਕੇ ਕਿਰਤ ਕਰਨ ਵਾਲੇ ਲੋਕਾਂ ਦੀ ਲੁੱਟ ਦਾ ਦੌਰ ਸ਼ੁਰੂ ਕੀਤਾ ਹੋਇਆ ਸੀ ਪਰ ਇਨ੍ਹਾਂ ਤਿੰਨ ਕਾਨੂੰਨਾਂ ਦੇ ਸੰਘਰਸ਼ ਨੇ ਉਨ੍ਹਾਂ ਨੂੰ ਆਪਣੇ ਤੇ ਬੇਗਾਨਿਆਂ ਦੀ ਪਛਾਣ ਕਰਵਾ ਕੇ ਜਮਾਤੀ ਸੋਝੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਦਾ ਅਸਲੀ ਦੁਸ਼ਮਣ ਕੌਣ ਹੈ ਬਾਰੇ ਪਤਾ ਨਹੀਂ ਸੀ। ਇਸ ਸਬੰਧੀ ਉਨ੍ਹਾਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਰਚੇ ਤੋਂ ਬਹੁਤ ਕੁਝ ਸਿੱਖਣ ਲਈ ਮਿਲਿਆ ਹੈ ਅਤੇ ਹੁਣ ਔਰਤਾਂ ਵੀ ਕਿਸਾਨ ਸੰਘਰਸ਼ਾਂ ਵਿੱਚ ਮਾਨਸਿਕ ਤੌਰ ’ਤੇ ਤਿਆਰ ਹੋ ਕੇ ਸ਼ਾਮਲ ਹੋਣ ਲੱਗੀਆਂ ਹਨ।
ਰਮਨਦੀਪ ਕੌਰ ਸੇਖਾ ਤੇ ਪਰਮਜੀਤ ਕੌਰ ਜੀਦਾ ਨੇ ਕਿਹਾ ਕਿ ਜਦੋਂ ਦੀਆਂ ਔਰਤਾਂ ਇਨ੍ਹਾਂ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਦੇ ਮੈਦਾਨ ਦੇ ਵਿਚ ਆਈਆਂ ਹਨ ਤਾਂ ਇੱਥੋਂ ਦੀਆਂ ਸਾਰੀਆਂ ਹੀ ਵੋਟ ਪਾਰਟੀਆਂ ਘਬਰਾਹਟ ਦੇ ਵਿੱਚ ਆਈਆਂ ਹੋਈਆਂ ਹਨ। ਸਿੰਦਰ ਕੌਰ ਸੈਦੋਕੇ ਅਤੇ ਹਰਪਾਲ ਕੌਰ ਗਾਜੀਆਣਾ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਸ਼ਾਂਤੀਪੂਰਨ ਸੰਘਰਸ਼ ਦੇਖ ਦੇ ਕੇਂਦਰ ਸਰਕਾਰ ਘਬਰਾਈ ਹੋਈ ਹੈ। ਇਸ ਦੀ ਮਿਸਾਲ ਪਿਛਲੀ ਤਿੰਨ ਤਰੀਕ ਨੂੰ ਯੂਪੀ ਵਿੱਚ ਕਿਸਾਨਾਂ ਦੇ ਕਤਲੇਆਮ ਤੋਂ ਮਿਲਦੀ ਹੈ। ਕਿਸਾਨਾਂ-ਮਜ਼ਦੂਰਾਂ ਦੇ ਸ਼ਾਂਤੀ ਤੇ ਸਬਰ ਦਾ ਸਰਕਾਰ ’ਤੇ ਵਿਆਪਕ ਅਸਰ ਪੈ ਰਿਹਾ ਹੈ, ਇਸ ਸ਼ਾਂਤੀ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਇਸ ਕਰ ਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਆਉਣ ਵਾਲੇ ਸਮੇਂ ਵਿਚ ਆਪਣੀ ਸਰਕਾਰ ਅਤੇ ਪਾਰਟੀ ਦਾ ਅੰਤ ਦਿਖਾਈ ਦੇਣ ਲੱਗਿਆ ਹੈ। ਇਸ ਕਰ ਕੇ ਆਉਣ ਵਾਲਾ ਸਮਾਂ ਕਿਸਾਨਾਂ-ਮਜ਼ਦੂਰਾਂ ਦੇ ਪਰਖ ਦੀਆਂ ਘੜੀਆਂ ਵਾਲਾ ਹਨ ਕਿਉਂਕਿ ਸਰਕਾਰਾਂ ਉਨ੍ਹਾਂ ਦਾ ਸਬਰ ਪਰਖਣ ਲਈ ਵੱਖ ਵੱਖ ਢੰਗਾਂ ਨਾਲ ਵਾਰ ਕਰ ਰਹੀਆਂ ਹਨ।
ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਦੀ ਮੀਟਿੰਗ ਬੀਕੇਯੂ ਕਾਦੀਆਂ ਦੇ ਮਾਸਟਰ ਬੂਟਾ ਸਿੰਘ ਦੀ ਚਿਮਨੇਵਾਲਾ ਦੀ ਪ੍ਰਧਾਨਗੀ ਹੇਠ ਹੋਈ। ਅੱਜ ਰੀਗਲ ਸਿਨੇਮਾ (ਮੋਗਾ) ਗੋਲੀ ਕਾਂਡ ਦੇ ਪੰਜਾਬ ਸਟੂਡੈਂਟ ਯੂਨੀਅਨ ਦੇ ਸ਼ਹੀਦ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ 5 ਅਕਤੂਬਰ 1972 ਨੂੰ ਸਮੇਂ ਦੀ ਹਕੂਮਤ ਵੱਲੋਂ ਗੋਲੀਆਂ ਮਾਰ ਕੇ ਹਰਦੀਪ ਚੜਿੱਕ ਅਤੇ ਸਵਰਨ ਚੜਿੱਕ ਨੂੰ ਮੌਕੇ ਤੇ ਸ਼ਹੀਦ ਕਰ ਦਿੱਤਾ ਸੀ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਬਲਦੇਵ ਨਿਹਾਲਗੜ੍ਹ ਤੇ ਦਰਸ਼ਨ ਜਟਾਣਾ ਨੇ ਕਿਹਾ ਕੇ ਸ਼ਾਂਤਮਈ ਅੰਦੋਲਨਕਾਰੀ ਕਿਸਾਨਾਂ ’ਤੇ ਕੀਤੇ ਹਮਲੇ ਕੇਂਦਰ ਅਤੇ ਯੋਗੀ ਸਰਕਾਰ ਨੂੰ ਖ਼ਾਤਮੇ ਵੱਲ ਲਿਜਾਣਗੇ। ਉਨ੍ਹਾਂ ਕਿਹਾ ਕਿ ਅਣਮਨੁੱਖੀ ਢੰਗ ਨਾਲ ਕੀਤੇ ਇਹ ਕਤਲ ਲੋਕਤੰਤਰ ਦਾ ਘਾਣ ਹਨ। ਭੀਮ ਸਿੰਘ ਆਲਮਪੁਰ ਤੇ ਉੱਗਰ ਸਿੰਘ ਮਾਨਸਾ ਨੇ ਕਿਹਾ ਕਿ ਲੋਕਤੰਤਰ ਦੇ ਦਾਇਰੇ ਵਿੱਚ ਰਹਿ ਕੇ ਹੱਕ ਮੰਗਣਾ ਹਰ ਇਕ ਦਾ ਅਧਿਕਾਰ ਹੈ, ਇਸ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਜਾਣਬੁਝ ਕੇ ਦੇਸ਼ ’ਚ ਟਕਰਾਅ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ। ਲਖਵਿੰਦਰ ਪੀਰ ਮੁਹੰਮਦ, ਅਮਨਜੋਤ ਜੈਮਲਵਾਲਾ ਤੇ ਪਰਮਿੰਦਰ ਉੜਾਂਗ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰ ਕੇ ਫ਼ਸਲਾਂ ਦੀ ਐੱਮਐੱਸਪੀ ’ਤੇ ਖ਼ਰੀਦ ਦੀ ਕਾਨੂੰਨੀ ਗਾਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ, ਕਿਸਾਨਾਂ ਨੂੰ ਉਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੋਵੇਗਾ।