ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਦਿੱਲੀ-ਐੱਨਸੀਆਰ ਵਿੱਚ ਆਟੋ, ਟੈਕਸੀ ਚਾਲਕਾਂ ਦੀ ਹੜਤਾਲ ਸ਼ੁਕਰਵਾਰ ਨੂੰ ਵੀ ਜਾਰੀ ਰਹੀ ਤੇ ਡਰਾਈਵਰਾਂ ਨੇ ਵੱਧ ਚੜ੍ਹ ਕੇ ਇਸ ਹੜਤਾਲ ਵਿੱਚ ਹਿੱਸਾ ਲਿਆ। ਇਸ ਕਰਕੇ ਦਿੱਲੀ-ਐਨਸੀਆਰ ਦੀਆਂ ਸੜਕਾਂ ਟੈਕਸੀਆਂ ਅਤੇ ਆਟੋ ਰਿਕਸ਼ਿਆਂ ਤੋਂ ਵਾਂਝੀਆਂ ਰਹੀਆਂ। ਆਟੋ ਯੂਨੀਅਨ ਨੇ ਅੱਜ ਦੀ ਹੜਤਾਲ ਨੂੰ ਪੂਰਨ ਸਫਲ ਕਰਾਰ ਦਿੱਤਾ ਹੈ। ਦਿੱਲੀ ਆਟੋ ਟੈਕਸੀ ਟਰਾਂਸਪੋਰਟ ਕਾਂਗਰਸ ਯੂਨੀਅਨ ਵੱਲੋਂ ਢੁੱਕਵਾਂ ਕਮਿਸ਼ਨ ਅਤੇ ਹੋਰ ਸੇਵਾਵਾਂ ਦੀ ਮੰਗ ਲਈ ਇਸ ਦੋ-ਰਜ਼ਾ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਯੂਨੀਅਨ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਬਾਈਕ ਟੈਕਸੀਆਂ ਦੀ ਸ਼ੁਰੂਆਤ ਨਾਲ ਕੈਬ ਅਤੇ ਆਟੋ ਰਿਕਸ਼ਾ ਚਾਲਕਾਂ ਦੀ ਰੋਜ਼ੀ ਰੋਟੀ ਉੱਪਰ ਬਹੁਤ ਮਾੜਾ ਅਸਰ ਪਿਆ ਹੈ ਕਿਉਂਕਿ ਇਹ ਬਾਈਕ ਟੈਕਸੀਆਂ ਵਾਲੇ ਕਮਰਸ਼ੀਅਲ ਟੈਕਸ ਅਥਾਰਿਟੀਆਂ ਨੂੰ ਨਹੀਂ ਦਿੰਦੇ ਸਗੋਂ ਆਮ ਰੋਡ ਟੈਕਸ ਦੇ ਨਾਲ ਹੀ ਕਮਰਸ਼ੀਅਲ ਸੇਵਾਵਾਂ ਦਿੰਦੇ ਹਨ।