ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਕਤੂਬਰ
ਦਿੱਲੀ ਦੇ ਜੰਗਲਾਤ ਵਿਭਾਗ ਤੋਂ ਆਰਟੀਆਈ ਤਹਿਤ ਪ੍ਰਾਪਤ ਕੀਤੀ ਜਾਣਕਾਰੀ ਤੋਂ ਖੁਲਾਸਾ ਹੋਇਆ ਹੈ ਕਿ ਪਿਛਲੇ ਅੱਠ ਸਾਲਾਂ ਵਿੱਚ ਦਿੱਲੀ ਵਿੱਚ ਰੁੱਖ ਅਥਾਰਟੀ ਨੇ ਵਿਕਾਸ ਕਾਰਜਾਂ ਲਈ ਸਰਕਾਰੀ ਏਜੰਸੀਆਂ ਦੇ ਸੁਝਾਅ ਸਬੰਧੀ ਮੌਜੂਦਾ ਦਰੱਖਤਾਂ ਦੀ ਸੁਰੱਖਿਆ ਬਾਰੇ ਇੱਕ ਵੀ ਅਧਿਐਨ ਨਹੀਂ ਕੀਤਾ ਹੈ। ਦਿੱਲੀ ਟ੍ਰੀ ਅਥਾਰਟੀ ਦੀ ਸਥਾਪਨਾ 1995 ਵਿੱਚ ਰਾਜਧਾਨੀ ਦੇ ਰੁੱਖਾਂ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਸੀ। ਜੰਗਲਾਤ ਵਿਭਾਗ ਅਨੁਸਾਰ 2015 ਤੋਂ 2022 ਵਿਚਾਲੇ ਇਸ ਐਕਟ ਤਹਿਤ ਅਜਿਹਾ ਕੋਈ ਅਧਿਐਨ ਨਹੀਂ ਕੀਤਾ ਗਿਆ। ਰੁੱਖ ਅਥਾਰਟੀ ਵੱਲੋਂ ਹੁਣ ਤੱਕ ਇੱਕ ਵੀ ਗੰਭੀਰ ਅਧਿਐਨ ਨਾ ਕਰਵਾਉਣਾ ਡੀਪੀਟੀਏ ਦੀ ਘੋਰ ਉਲੰਘਣਾ ਹੈ। ਦਿੱਲੀ ਦੇ ਜੰਗਲਾਤ ਵਿਭਾਗ ਨੇ ਪਿਛਲੇ ਤਿੰਨ ਸਾਲਾਂ ਵਿੱਚ ਸ਼ਹਿਰ ਵਿੱਚ ਵਿਕਾਸ ਕਾਰਜਾਂ ਲਈ ਘੱਟੋ-ਘੱਟ 77,000 ਦਰੱਖਤ ਕੱਟਣ ਦੀ ਇਜਾਜ਼ਤ ਦਿੱਤੀ ਹੈ।