ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਗਸਤ
ਮਾਂ ਤੇ ਦਾਦੀ ਦੀ ਸਲਾਹ ’ਤੇ ਨਾਬਾਲਗ ਨੇ ਇੱਕ ਲੱਖ 20 ਹਜ਼ਾਰ ਰੁਪਏ ਨਕਦ ਚੋਰੀ ਕਰ ਲਏ। ਦਿੱਲੀ ਪੁਲੀਸ ਵੱਲੋਂ ਪੋਤੀ ਤੇ ਦਾਦੀ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਮਾਂ ਫ਼ਰਾਰ ਹੋ ਗਈ। ਦੱਖਣੀ ਦਿੱਲੀ ਦੇ ਅੰਬੇਡਕਰ ਨਗਰ ਖੇਤਰ ਵਿੱਚ ਖੜ੍ਹੀ ਗੱਡੀ ਵਿੱਚੋਂ ਇਸ ਰਕਮ ਦਾ ਭਰਿਆ ਬੈੱਗ ਨਾਬਾਲਗ ਨੇ ਚੋਰੀ ਕਰ ਲਿਆ। ਸੀਸੀਟੀਵੀ ਫੁਟੇਜ਼ ਤੋਂ ਚੋਰੀ ਦੀ ਵਾਰਦਾਤ ਦਾ ਖੁਲਾਸਾ ਹੋਇਆ। ਪੁਲੀਸ ਨੇ ਦੱਸਿਆ ਕਿ 27 ਜੁਲਾਈ ਨੂੰ ਇਹ ਵਾਰਦਾਤ ਹੋਈ ਤੇ ਪੁਲੀਸ ਨੇ ਨਾਬਾਲਗ ਦੀ ਪਛਾਣ ਤਸਵੀਰਾਂ ਤੋਂ ਕਰਕੇ ਉਸ ਦੀ ਗ੍ਰਿਫ਼ਤਾਰੀ ਸੰਭਵ ਬਣਾਈ। ਜਾਂਚ ਦੌਰਾਨ ਪਤਾ ਲੱਗਾ ਤਾਂ ਨਬਾਲਗ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ 5 ਹਜ਼ਾਰ ਰੁਪਏ ਬਰਾਮਦ ਵੀ ਕਰ ਲਏ। ਡੀਸੀਪੀ ਅਤੁੱਲ ਕੁਮਾਰ ਨੇ ਦੱਸਿਆ ਕਿ ਉਸ ਨੇ ਮਾਂ ਤੇ ਦਾਦੀ ਦੇ ਆਖਣ ‘ਤੇ ਬੈੱਗ ਗੱਡੀ ਵਿੱਚੋਂ ਚੋਰੀ ਕੀਤਾ ਸੀ। ਮਾਂ ਤੇ ਦਾਦੀ ਉਸ ਤੋਂ ਚੋਰੀ ਦੀਆਂ ਅਜਿਹੀਆਂ ਵਾਰਦਾਤਾਂ ਕਰਵਾਉਂਦੀਆਂ ਸਨ। ਪੁਲੀਸ ਨੇ ਦਾਦੀ ਦੇ ਘਰੋਂ ਚੋਰੀ ਕੀਤੀ ਰਕਮ ਵਿੱਚੋਂ ਇੱਕ ਲੱਖ 5 ਹਜ਼ਾਰ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਮਾਂ ਨੂੰ ਜਿਉਂ ਹੀ ਪੁਲੀਸ ਪਿੱਛੇ ਲੱਗਣ ਦਾ ਪਤਾ ਲੱਗਾ ਤਾਂ ਉਹ ਫ਼ਰਾਰ ਹੋ ਗਈ। ਪੁਲੀਸ ਵੱਲੋਂ ਉਸ ਦੀ ਗ੍ਰਿਫ਼ਤਾਰੀ ਦੀਆਂ ਕੋਸ਼ਿਸ਼ਾਂ ਜਾਰੀ ਹਨ। ਦਾਦੀ ਚੋਰੀ ਦੀਆਂ ਚੀਜ਼ਾਂ ਵੇਚਣ ਦਾ ਕੰਮ ਕਰਦੀ ਸੀ।