ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਗਸਤ
ਦੱਖਣੀ ਦਿੱਲੀ ਦੇ ਬਸੰਤ ਕੁੰਜ ਇਲਾਕੇ ਦੇ ਘਰ ਵਿੱਚ ਇੱਕ ਚੋਰ ਨੇ ਚਾਕੂ ਨਾਲ ਹਮਲਾ ਕਰ ਕੇ ਸੇਵਾਮੁਕਤ ਆਈਆਰਐੱਸ ਅਧਿਕਾਰੀ ਤੇ ਉਸਦੀ ਪਤਨੀ ਨੂੰ ਜ਼ਖ਼ਮੀ ਕਰ ਦਿੱਤਾ। ਜਖ਼ਮੀਆਂ ਦੀ ਪਛਾਣ ਅਭੈ ਕੁਮਾਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਨੁਪਮਾ ਵਜੋਂ ਹੋਈ ਹੈ, ਜਿਨ੍ਹਾਂ ਨੂੰ ਏਮਜ਼ ਵਿੱਚ ਇਲਾਜ ਲਈ ਭਰਤੀ ਕਰਵਾਉਣਾ ਪਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਜਤਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਡਿਪਟੀ ਕਮਿਸ਼ਨਰ (ਦੱਖਣੀ-ਪੱਛਮੀ) ਰੋਹਿਤ ਮੀਨਾ ਨੇ ਕਿਹਾ ਕਿ ਘਟਨਾ ਸਮੇਂ ਪਤੀ-ਪਤਨੀ ਘਰ ’ਚ ਸੌਂ ਰਹੇ ਸਨ ਅਤੇ ਉਨ੍ਹਾਂ ਦਾ ਪੁੱਤਰ ਤੇ ਨੌਕਰ ਘਰ ਦੇ ਦੂਜੇ ਹਿੱਸੇ ਵਿੱਚ ਸਨ। ਅਭੈ ਕੁਮਾਰ ਸਿੰਘ ਬਾਲਕੋਨੀ ਤੋਂ ਆਵਾਜ਼ ਆਉਣ ’ਤੇ ਜਾਗ ਪਿਆ ਸੀ ਜਦੋਂ ਉਸ ਨੇ ਅਣਪਛਾਤੇ ਵਿਅਕਤੀ ਨੂੰ ਦੇਖਿਆ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਚੋਰ ਨੇ ਅਭੈ ਅਤੇ ਉਸ ਦੀ ਪਤਨੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।