ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਤੀਜਾ ਬਾਲਾ ਪ੍ਰੀਤਮ ਦਵਾਖਾਨਾ ਖੋਲ੍ਹਣ ਦੀ ਤਿਆਰੀ ਹੋ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਨਾਟ ਪਲੇਸ ਤੇ ਨਾਰਥ ਦਿੱਲੀ ਦੇ ਗੁਰਦੁਆਰਿਆਂ ਵਿੱਚ ਦਵਾਖਾਨਾ ਖੋਲ੍ਹਣ ਤੋਂ ਬਾਅਦ ਤੀਜਾ ਦਵਾਖਾਨਾ ਪੱਛਮਪੁਰੀ ਵਿੱਚ ਖੋਲ੍ਹਣਾ ਤੈਅ ਕੀਤਾ ਗਿਆ ਹੈ। ਖੇਤਰ ਦੇ ਸਿੰਘ ਸਭਾ ਗੁਰਦੁਆਰੇ ਵਿਚ ਹੀ ਇਹ ਦਵਾਖਾਨਾ ਖੋਲ੍ਹਿਆ ਜਾਵੇਗਾ। ਲੋਕਾਂ ਨੂੰ ਮਾਰਕਿਟ ਰੇਟ ਤੋਂ ਘੱਟ ਭਾਅ ’ਤੇ ਦਵਾਈਆਂ ਮੁਹੱਈਆ ਹੋ ਸਕਣਗੀਆਂ। ਉਨ੍ਹਾਂ ਕਿਹਾ ਕਿ ਹੁਣ ਤੱਕ ਜੋ ਦਵਾਖਾਨੇ ਖੋਲ੍ਹੇ ਜਾ ਚੁਕੇ ਹਨ ਉੱਥੇ ਚੰਗੇ ਨਤੀਜੇ ਦੇਖਣ ਨੂੰ ਮਿਲ ਰਹੇ ਹਨ ਤੇ ਹੌਲੀ-ਹੌਲੀ ਹੋਰਨਾਂ ਥਾਵਾਂ ’ਤੇ ਵੀ ਦਵਾਖਾਨੇ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 29 ਅਗਸਤ ਨੂੰ ਬੰਗਲਾ ਸਾਹਿਬ ਵਿੱਚ ਪਹਿਲਾ ਬਾਲਾ ਪ੍ਰੀਤਮ ਦਵਾਖਾਨਾ ਖੋਲ੍ਹਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦਵਾਖਾਨੇ ’ਤੇ ਫ਼ਾਰਮੇਸੀ ਤੋਂ ਸਿੱਧੀ ਦਵਾਈਆਂ ਆਉਣਗੀਆਂ ਤੇ ਜਿਸ ਰੇਟ ’ਤੇ ਆਉਣਗੀਆਂ ਉਸੇ ਰੇਟ ’ਤੇ ਅੱਗੇ ਸੰਗਤ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਗਤ ਨੂੰ 20 ਤੋਂ 90 ਫ਼ੀਸਦ ਤੱਕ ਸਸਤੀ ਦਵਾਈਆਂ ਮਿਲਣਗੀਆਂ। 4 ਨਵੰਬਰ ਨੂੰ ਨਾਨਕ ਪਿਆਓ ਗੁਰਦੁਆਰਾ ਸਾਹਿਬ ਵਿੱਚ ਖੋਲ੍ਹੇ ਗਏ ਬਾਲਾ ਪ੍ਰੀਤਮ ਦਵਾਖਾਨੇ ਤੋਂ ਹੁਣ ਤੱਕ 2 ਹਜ਼ਾਰ ਤੋਂ ਵੱਧ ਲੋਕ ਦਵਾਈਆਂ ਲੈ ਚੁਕੇ ਹਨ। ਜਦੋਂ ਕਿ ਦੋਹਾਂ ਦਵਾਖਾਨਿਆਂ ਤੋਂ ਹੁਣ ਤੱਕ 1 ਕਰੋੜ ਤੋਂ ਵੱਧ ਦੀਆਂ ਦਵਾਈਆਂ ਵਿਕ ਚੁਕੀਆਂ ਹਨ ਥੋੜੇ ਹੀ ਸਮੇਂ ਵਿਚ ਇਹ ਅਜਿਹੇ ਅੰਕੜੇ ਬਣਾ ਲੈਣ ਤੋਂ ਜ਼ਾਹਿਰ ਹੁੰਦਾ ਹੈ ਕਿ ਇਹ ਦਵਾਖਾਨਾ ਸੰਗਤ ਲਈ ਲਾਭਕਾਰੀ ਸਾਬਤ ਹੋ ਰਹੇ ਹਨ।