ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪ੍ਰਗਤੀ ਮੈਦਾਨ ਏਕੀਕ੍ਰਿਤ ਟਰਾਂਜ਼ਿਟ ਕੋਰੀਡੋਰ ਪ੍ਰਾਜੈਕਟ ਦੀ ਮੁੱਖ ਸੁਰੰਗ ਤੇ ਪੰਜ ਅੰਡਰਪਾਸ ਦਾ ਉਦਘਾਟਨ ਕੀਤਾ। ਏਕੀਕ੍ਰਿਤ ਟ੍ਰਾਂਜ਼ਿਟ ਕੋਰੀਡੋਰ ਪ੍ਰਾਜੈਕਟ ਪ੍ਰਗਤੀ ਮੈਦਾਨ ਪੁਨਰ ਵਿਕਾਸ ਪ੍ਰਾਜੈਕਟ ਦਾ ਇੱਕ ਅਹਿਮ ਹਿੱਸਾ ਹੈ। ਮੁੱਖ ਸੁਰੰਗ ਪ੍ਰਗਤੀ ਮੈਦਾਨ ਵਿੱਚੋਂ ਲੰਘਦੀ ਪੁਰਾਣੀ ਕਿਲਾ ਰੋਡ ਰਾਹੀਂ ਰਿੰਗ ਰੋਡ ਨੂੰ ਇੰਡੀਆ ਗੇਟ ਨਾਲ ਜੋੜਦੀ ਹੈ।ਆਈ.ਟੀ.ਪੀ.ਓ. ਸੁਰੰਗ 920 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਜਿਸ ਲਈ ਕੇਂਦਰ ਸਰਕਾਰ ਵੱਲੋਂ ਫੰਡ ਦਿੱਤੇ ਗਏ ਸਨ। ਇਸ ਸੁਰੰਗ ਨੂੰ ਪ੍ਰਗਤੀ ਮੈਦਾਨ ਵਿੱਚ ਵਿਕਸਤ ਕੀਤੇ ਜਾ ਰਹੇ ਨਵੇਂ ਵਿਸ਼ਵ ਪੱਧਰੀ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਤੱਕ ਮੁਸ਼ਕਲ ਰਹਿਤ ਅਤੇ ਨਿਰਵਿਘਨ ਪਹੁੰਚ ਦੇਣ ਦੇ ਉਦੇਸ਼ ਨਾਲ ਬਣਾਇਆ ਗਿਆ। ਛੇ ਮਾਰਗੀ ਵੰਡੀ ਹੋਈ ਸੁਰੰਗ ਦੇ ਕਈ ਉਦੇਸ਼ ਹਨ ਜਿਸ ਵਿੱਚ ਪ੍ਰਗਤੀ ਮੈਦਾਨ ਦੀ ਵਿਸ਼ਾਲ ਬੇਸਮੈਂਟ ਪਾਰਕਿੰਗ ਤੱਕ ਪਹੁੰਚ ਵੀ ਸ਼ਾਮਲ ਹੈ।