ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਜੁਲਾਈ
ਯਮੁਨਾ ਨਦੀ ਦੇ ਦਿੱਲੀ ਵਿੱਚ 22 ਕਿਲੋਮੀਟਰ ਦੇ ਲੰਬੇ ਹਿੱਸੇ ਦੇ ਖੇਤਰਾਂ ਵਿੱਚ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਤੋਂ ਆਏ ਪਾਣੀ ਨੇ ਕਹਿਰ ਮਚਾ ਰੱਖਿਆ ਹੈ। ਇਸ ਪਾਣੀ ਨੂੰ ਹਰਿਆਣਾ ਦੇ ਹਥਨੀਕੁੰਡ ਬੈਰਾਜ ’ਚੋਂ ਬੀਤੇ ਦਿਨਾਂ ਦੌਰਾਨ ਲਗਾਤਾਰ ਛੱਡਿਆ ਜਾ ਰਿਹਾ ਹੈ, ਜਿਸ ਕਰ ਕੇ ਦਿੱਲੀ-ਐੱਨਸੀਆਰ ਵਿੱਚ ਯਮੁਨਾ ਆਪਣੇ ਕੰਢੇ ਤੋੜ ਕੇ ਖੇਤਰਾਂ ਵਿੱਚ ਤਬਾਹੀ ਮਚਾ ਰਹੀ ਹੈ। ਦਿੱਲੀ ਵਿੱਚ ਵਜ਼ੀਰਾਬਾਦ ਬੈਰਾਜ ਤੋਂ ਲੈ ਕੇ ਓਖਲਾ ਬੈਰਾਜ ਤੱਕ ਯਮੁਨਾ ਦਾ ਪਾਣੀ ਰਿਹਾਇਸ਼ੀ ਇਲਾਕਿਆਂ ਦੇ ਘਰਾਂ, ਖੇਤਾਂ ਤੇ ਹੋਰ ਸਰਕਾਰੀ ਇਮਾਰਤਾਂ ਵਿੱਚ ਵੜ ਚੁੱਕਾ ਹੈ। ਇਸ ਪਾਣੀ ਨੇ ਕਾਫੀ ਤਬਾਹੀ ਮਚਾਈ ਹੈ। ਆਈਟੀਓ ਵਿੱਚ ਅੱਜ ਇਕੱਠੇ ਹੋਏ ਪਾਣੀ ਨੇ ਕੌਮੀ ਅਕਾਊਂਟੈਂਟਸ ਐਸੋਸੀਏਸ਼ਨ ਦੀ ਕੰਧ ਨਾਲ ਬਣੀਆਂ ਦਰਜਨ ਤੋਂ ਵੱਧ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਹਜ਼ਾਰਾਂ ਏਕੜ ਫਸਲਾਂ ਦਿੱਲੀ-ਐੱਨਸੀਆਰ ਦੇ ਇਲਾਕੇ ਵਿੱਚ ਪ੍ਰਭਾਵਿਤ ਹੋਈਆਂ ਹਨ। ਉੱਤਰ ਪ੍ਰਦੇਸ਼ ਦੇ ਕੋਸੀ ਦਾ ਵੀ ਕੁਝ ਹਿੱਸਾ ਯਮੁਨਾ ਹੇਠ ਆ ਗਿਆ ਹੈ। ਹਜ਼ਾਰਾਂ ਲੋਕਾਂ ਨੂੰ ਹੜ੍ਹਾਂ ਕਾਰਨ ਆਪਣੇ ਟਿਕਾਣੇ ਛੱਡਣੇ ਪਏ ਹਨ। ਨੋਇਡਾ ਵਿੱਚ 5000 ਤੋਂ ਵੱਧ ਲੋਕਾਂ ਨੂੰ ਆਪਣੇ ਟਿਕਾਣੇ ਛੱਡਣੇ ਪਏ ਹਨ। ਹਾਲਾਂਕਿ ਬੀਤੇ 2 ਦਿਨ ਤੋਂ ਦਿੱਲੀ ਵਿੱਚ ਮੀਂਹ ਘੱਟ ਪਿਆ ਹੈ ਤੇ ਕੋਈ ਬਾਰਿਸ਼ ਨਹੀਂ ਹੋਈ ਪਰ ਹਥਨੀਕੁੰਡ ਦਾ ਪਾਣੀ ਲਗਾਤਾਰ ਆਉਣ ਕਰ ਕੇ ਹੇਠਾਂ ਹੌਲੀ-ਹੌਲੀ ਉੱਤਰ ਰਿਹਾ ਹੈ। ਉਖੇ ਹੀ ਜਦੋਂ ਲੋਕਾਂ ਨੇ ਪਾਣੀ ’ਚੋਂ ਆਪਣੀਆਂ ਗੱਡੀਆਂ ਕੱਢੀਆਂ ਤਾਂ ਇੰਜਣਾਂ ’ਚ ਪਾਣੀ ਜਾਣ ਕਾਰਨ ਉਨ੍ਹਾਂ ਦੇ ਵਾਹਨ ਖਰਾਬ ਹੋ ਗਏ। ਇਸ ਤੋਂ ਬਾਅਦ ਲੋਕਾਂ ਨੂੰ ਪੈਦਲ ਹੀ ਪਾਣੀ ’ਚੋਂ ਆਪਣੇ ਵਾਹਨਾਂ ਸਣੇ ਨਿਕਲਣਾ ਪਿਆ। ਇਸ ਮੌਕੇ ਲੋਕਾਂ ਦੀ ਮੁਸੀਬਤ ਦਾ ਲਾਹਾ ਲੈਂਦਿਆਂ ਮਕੈਨਿਕਾਂ ਨੇ ਆਮ ਨਾਲੋਂ ਵੱਧ ਪੈਸੇ ਵਸੂਲੇ।
ਬਸੰਤਪੁਰ ਕਲੋਨੀ ’ਚੋਂ 1500 ਤੋਂ ਵੱਧ ਲੋਕ ਸੁਰੱਖਿਅਤ ਕੱਢੇ
ਫਰੀਦਾਬਾਦ (ਪੱਤਰ ਪ੍ਰੇਰਕ): ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਬਸੰਤਪੁਰ ਕਲੋਨੀ ਨੂੰ ਪੂਰੀ ਤਰ੍ਹਾਂ ਖਾਲੀ ਕਰਵਾਇਆ ਗਿਆ ਹੈ। 1500 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬਸੰਤਪੁਰ, ਡਡਸੀਆ, ਕਿਦਵਾਲੀ, ਲਾਲਪੁਰ, ਮੌਜਮਾਬਾਦ, ਭਾਸਕੋਲਾ, ਮਹਾਵਤਪੁਰ ਵਿੱਚ ਐੱਸਡੀਐੱਮ ਪਰਮਜੀਤ ਚਾਹਲ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਐੱਸਡੀਐੱਮ ਪੰਕਜ ਸੇਤੀਆ ਨੂੰ ਅਮੀਪੁਰ, ਸਿਧੌਲਾ, ਚਿਰਸੀ, ਕਬੂਲਪੁਰ ਪੱਤੀ ਮਹਿਤਾਬ, ਕਬੂਲਪੁਰ ਪੱਤੀ ਪਰਵਾਰਿਸ਼ ਪਿੰਡ, ਐਕਸੀਅਨ ਲੋਕ ਨਿਰਮਾਣ ਵਿਭਾਗ ਬੀਐਂਡਆਰ ਪ੍ਰਦੀਪ ਸੰਧੂ ਨੂੰ ਅਕਬਰਪੁਰ, ਮਾਜਰਾ ਸ਼ੇਖਪੁਰ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਐੱਮਓ ਡਾ. ਵਿਨੈ ਗੁਪਤਾ ਨੇ ਅਧਿਕਾਰੀਆਂ ਨੂੰ ਹਦਾਇਤ ਹੈ ਕੀਤੀ ਕਿ ਦਵਾਈਆਂ ਦੀ ਕਿਸੇ ਕਿਸਮ ਦੀ ਕੋਈ ਕਮੀ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਵੱਖ-ਵੱਖ ਥਾਵਾਂ ’ਤੇ ਐਂਬੂਲੈਂਸਾਂ ਵੀ ਮੁਹੱਈਆ ਕਰਵਾਈਆਂ ਹਨ ਤਾਂ ਜੋ ਕਿਸੇ ਵੀ ਲੋੜਵੰਦ ਵਿਅਕਤੀ ਦੀ ਸਮੇਂ ਸਿਰ ਮਦਦ ਕੀਤੀ ਜਾ ਸਕੇ। ਬਸੰਤਪੁਰ ਤੋਂ ਬਿਜਲੀ ਦੇ ਸਾਰੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ।