ਨਵੀਂ ਦਿੱਲੀ (ਪੱਤਰ ਪ੍ਰੇਰਕ): ਕੌਮੀ ਰਾਜਧਾਨੀ ਵਿੱਚ ਯਮੁਨਾ ’ਚ ਪਾਣੀ ਦਾ ਪੱਧਰ ਸ਼ਾਮ 6 ਵਜੇ ਤੱਕ 205.94 ਮੀਟਰ ਦਰਜ ਕੀਤਾ ਗਿਆ, ਜੋ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਉਪਰ ਹੈ। ਸਵੇਰੇ ਨੌਂ ਵਜੇ ਇਹ 205.58 ਮੀਟਰ ਦਰਜ ਕੀਤਾ ਗਿਆ ਸੀ। ਯਮੁਨਾ ਵਿੱਚ ਪਾਣੀ ਦਾ ਪੱਧਰ 12 ਜੁਲਾਈ ਨੂੰ 207.49 ਮੀਟਰ ਦਾ ਪੁਰਾਣਾ ਰਿਕਾਰਡ ਤੋੜ ਕੇ 208 ਮੀਟਰ ਦਾ ਅੰਕੜਾ ਪਾਰ ਕਰ ਗਿਆ ਸੀ। ਇਸ ਦੌਰਾਨ ਦਿੱਲੀ ਟਰੈਫਿਕ ਪੁਲੀਸ ਨੇ ਕੁੱਝ ਮਾਰਗਾਂ ’ਤੇ ਆਵਾਜਾਈ ਸ਼ੁਰੂ ਕਰ ਦਿੱਤੀ ਹੈ ਪਰ ਹੜ੍ਹ ਵਾਲੇ ਇਲਾਕਿਆਂ ਕਸ਼ਮੀਰੀ ਗੇਟ, ਰਾਜਘਾਟ, ਆਈਟੀਓ ਵਿੱਚ ਹਾਲੇ ਵੀ ਆਵਾਜਾਈ ਬੰਦ ਹੈ। ਜਿਨ੍ਹਾਂ ਇਲਾਕਿਆਂ ’ਚੋਂ ਯਮੁਨਾ ਦਾ ਪਾਣੀ ਉੱਤਰ ਗਿਆ ਹੈ ਉੱਥੇ ਗਾਰ ਕਾਰਨ ਤਿਲਕਣ ਹੋ ਗਈ ਹੈ ਅਤੇ ਰਾਹਗੀਰ ਆਉਂਦੇ-ਜਾਂਦੇ ਤਿਲਕ ਕੇ ਜ਼ਖ਼ਮੀ ਹੋ ਰਹੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਲੋਕ ਜਲਦੀ ਹੀ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਨੂੰ ਪਰਤ ਸਕਣਗੇ। ਉਨ੍ਹਾਂ ਟਵੀਟ ਕੀਤਾ, ‘‘ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਹੁਣ ਲੋਕ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਨੂੰ ਵਾਪਸ ਜਾ ਸਕਣਗੇ। ਸਾਰਿਆਂ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਪੁੰਨ ਦਾ ਕੰਮ ਹੈ।’’ ਉਨ੍ਹਾਂ ਪੀਡਬਲਿਊਡੀ, ਦਿੱਲੀ ਜਲ ਬੋਰਡ, ਫੌਜ, ਜਲ ਸੈਨਾ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ), ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਦਾ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ। ਇਸ ਦੌਰਾਨ ਮੰਤਰੀ ਆਤਿਸ਼ੀ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਨੇ ਲਾਲ ਕਿਲ੍ਹੇ ਪਿਛਲੀ ਸੜਕ ਨੂੰ ਸਾਫ ਕਰ ਦਿੱਤਾ ਹੈ। ਇਸ ਨੂੰ ਜਲਦੀ ਹੀ ਰਾਹਗੀਰਾਂ ਲਈ ਖੋਲ੍ਹ ਦਿੱਤਾ ਜਾਵੇਗਾ।