ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਨਵੰਬਰ
ਟਿਕਰੀ ਬਾਰਡਰ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਦੀ ਕਾਰਵਾਈ ਔਰਤਾਂ ਨੇ ਚਲਾਈ। ਅੱਜ ਦੀ ਸਟੇਜ ਤੋਂ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਔਰਤਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰਨਾ ਔਰਤਾਂ ਦਾ ਲਗਾਤਾਰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ਼ ਸੰਘਰਸ਼ ਵਿੱਚ ਦ੍ਰਿੜ ਇਰਾਦਿਆਂ ਨਾਲ ਸ਼ਮੂਲੀਅਤ ਦਾ ਹੀ ਯੋਗਦਾਨ ਹੈ ਅਤੇ ਪੰਜਾਬ ਅਤੇ ਦਿੱਲੀ ਮੋਰਚਿਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਵੱਡੀ ਗਿਣਤੀ ਵਿੱਚ ਬਣਾਈ ਰੱਖਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਹਕੂਮਤਾਂ ਦੀ ਨੀਅਤ ਹਮੇਸ਼ਾ ਲੋਕ ਵਿਰੋਧੀ ਰਹੀ ਹੈ ਕਿਉਂਕਿ ਪਿਛਲੇ 75 ਸਾਲ ਦਾ ਤਜਰਬਾ ਇਹ ਹੀ ਦਿਖਾਉਂਦਾ ਹੈ। ਇਸ ਕਰ ਕੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਅਸਲੀ ਜਾਮਾ ਪਹਿਨਾਉਣ ਤੱਕ ਅਤੇ ਰਹਿੰਦੀਆਂ ਮੰਗਾਂ ਮਨਵਾਉਣ ਤੱਕ ਇਸ ਮੋਰਚੇ ਦੇ ਸੰਘਰਸ਼ ਨੂੰ ਸੁਚੇਤ ਹੋ ਕੇ ਜ਼ੋਰ-ਸ਼ੋਰ ਨਾਲ ਜਾਰੀ ਰੱਖਣ ਦੀ ਲੋੜ ਹੈ। ਉਨ੍ਹਾਂ ਨੇ ਸਮੁੱਚੇ ਕਿਰਤੀ ਲੋਕਾਂ ਅਤੇ ਖ਼ਾਸ ਕਰ ਕੇ ਔਰਤਾਂ ਨੂੰ ਮੋਰਚੇ ਦੀ 26 ਨਵੰਬਰ ਨੂੰ ਮਨਾਈ ਜਾ ਰਹੀ ਵਰ੍ਹੇਗੰਢ ਮੌਕੇ ਵੱਡੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੱਤਾ।
ਇਸ ਦੌਰਾਨ ਜ਼ਿਲ੍ਹਾ ਬਠਿੰਡਾ ਤੋਂ ਪਰਮਜੀਤ ਕੌਰ ਕੋਟੜਾ ਅਤੇ ਅੰਮ੍ਰਿਤਸਰ ਤੋਂ ਪਰਵਿੰਦਰ ਕੌਰ ਗੋਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਵੇਂ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਇਸ ਮੋਰਚੇ ਨਾਲ ਸਬੰਧਿਤ ਮੰਗਾਂ ਦੇਸ਼ ਵਿੱਚ ਐਮਐਸਪੀ ’ਤੇ ਸਾਰੀਆਂ ਫ਼ਸਲਾਂ ਸਾਰੇ ਦੇਸ਼ ਵਿਚ ਅਤੇ ਖ਼ਰੀਦ ਲਈ ਗਾਰੰਟੀ ਦਾ ਕਾਨੂੰਨ ਬਣਾਉਣਾ, ਸਰਵਜਨਕ ਜਨਤਕ ਵੰਡ ਪ੍ਰਣਾਲੀ ਰਾਹੀਂ ਸਾਰੇ ਲੋੜਵੰਦ ਲੋਕਾਂ ਤੱਕ ਸਾਰੀਆਂ ਜ਼ਰੂਰੀ ਵਸਤਾਂ ਦਾ ਦੇਣ ਦੀ ਗਾਰੰਟੀ ਕਰਨਾ, ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਔਰਤਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਸਰਕਾਰੀ ਨੌਕਰੀ ਦਿਵਾਉਣਾ ਸੰਘਰਸ਼ ਦੌਰਾਨ ਪੁਲੀਸ ਕੇਸਾਂ ਦੀ ਵਾਪਸੀ ਆਦਿ ਮੰਗਾਂ ਦੇ ਸਬੰਧੀ ਮਸਲੇ ਬਾਕੀ ਹਨ। ਇਨ੍ਹਾਂ ਮੰਗਾਂ ਦੇ ਹੱਲ ਲਈ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਤੱਕ ਸੰਘਰਸ਼ ਜਾਰੀ ਰਹੇਗਾ।