ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਕੌਮੀ ਰਾਜਧਾਨੀ ਦੇ ਗਾਜ਼ੀਪੁਰ ਬਾਰਡਰ ’ਤੇ ਧਰਨਾ ਲਾਈਂ ਬੈਠੇ ਕਿਸਾਨਾਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ‘ਕਿਸਾਨ ਕੇਸਰੀ ਦੰਗਲ’ ਕਰਵਾਇਆ ਗਿਆ। ਇਸ ਵਿੱਚ ਪੱਛਮੀ ਉਤਰ ਪ੍ਰਦੇਸ਼, ਪੰਜਾਬ, ਦਿੱਲੀ, ਹਰਿਆਣਾ ਅਤੇ ਰਾਜਸਥਾਨ ਤੋਂ 50 ਦੇ ਲਗਪਗ ਪਹਿਲਵਾਨਾਂ (ਲੜਕੇ ਤੇ ਲੜਕੀਆਂ) ਨੇ ਹਿੱਸਾ ਲਿਆ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਕੌਮੀ ਬੁਲਾਰੇ ਨਰੇਸ਼ ਟਿਕੈਤ ਦੀ ਦੇਖ-ਰੇਖ ਵਿੱਚ ਪਹਿਲਵਾਨਾਂ ਦੇ ਘੋਲ ਕਰਵਾਏ ਗਏ। ਕਿਸਾਨਾਂ ਆਗੂਆਂ ਨੇ ਵੀ ਪਹਿਲਵਾਨਾਂ ਦੇ ਹੌਸਲੇ ਵਧਾਏ ਅਤੇ ਜੇਤੂਆਂ ਨੂੰ ਇਨਾਮ ਦਿੱਤੇ। ਖੇਡ ਮੁਕਾਬਲੇ ਦੇ ਮੁੱਖ ਮਹਿਮਾਨ ਨਰੇਸ਼ ਟਿਕੈਤ ਨੇ ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨਾਲ ਚੱਲ ਰਹੀ ਗੱਲਬਾਤ ਬਾਰੇ ਕਿਹਾ, ‘‘ਸਾਡੇ ਪਾਸਿਓਂ ਦੋ-ਕਦਮ ਵਾਲੀ ਚੀਜ਼ ਖ਼ਤਮ ਹੋ ਗਈ ਹੈ। ਹੁਣ ਕੇਂਦਰ ਸਰਕਾਰ ਨੂੰ ਦੋ ਕਦਮ ਪਿੱਛੇ ਕਰਨੇ ਪੈਣਗੇ। ਕਿਸਾਨ ਅੰਦੋਲਨ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਬਿਨਾਂ ਖ਼ਤਮ ਨਹੀਂ ਹੋਵੇਗਾ।’’ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਮੌਕੇ ਇੱਕ ਲੱਖ ਟਰੈਕਟਰਾਂ ਦੇ ਸ਼ਮੂਲੀਅਤ ਕਰਨ ਸਬੰਧੀ ਉਨ੍ਹਾਂ ਕਿਹਾ, ‘‘ਅਸੀਂ ਇਤਿਹਾਸ ਵਿੱਚ ਭਾਰਤੀ ਕਿਸਾਨ ਯੂਨੀਅਨ ਜਾਂ ਕਿਸਾਨਾਂ ਦੇ ਨਾਮ ਨੂੰ ਦਾਗ਼ ਨਹੀਂ ਲਾਉਣਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸੰਕੇਤ ਵਜੋਂ ਸਾਡੇ ਚਾਰ ਟਰੈਕਟਰਾਂ ਨੂੰ ਗਣਤੰਤਰ ਦਿਵਸ ਪਰੇਡ ਲਈ ਜਾਣ ਦੀ ਆਗਿਆ ਦੇਵੇ ਤਾਂ ਜੋ ਅਸੀਂ ਦੇਸ਼ ਦੇ ਸਾਹਮਣੇ ਕਿਸਾਨਾਂ ਦੀ ਇੱਕ ਝਾਕੀ ਦੇ ਰੂਪ ਵਿੱਚ ਆਪਣੀ ਗੱਲ ਰੱਖ ਸਕੀਏ।’’