ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਸਤੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਇੱਥੇ ਟਿਕਰੀ ਮੋਰਚੇ ’ਤੇ ਚੱਲ ਰਹੇ ਕਿਸਾਨੀ ਸੰਘਰਸ਼ੀ ਦੌਰਾਨ ਸਟੇਜ ਦੀ ਕਾਰਵਾਈ ਨੌਜਵਾਨਾਂ ਨੇ ਸੰਭਾਲੀ। ਸਟੇਜ ਤੋਂ ਭਾਜਪਾ ਆਗੂ ਹਰਿੰਦਰ ਕਾਹਲੋਂ ਦੇ ਬਿਆਨ ਦੀ ਨਿਖੇਧੀ ਕਰਦਿਆਂ ਭਾਰਤੀ ਕਿਸਾਨ ਯੂੁਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਦਿਨੋ-ਦਿਨ ਵੱਖ ਵੱਖ ਜਥੇਬੰਦੀਆਂ ਦੀ ਹਮਾਇਤ ਤੋਂ ਬੌਖਲਾਹਟ ਵਿੱਚ ਆਏ ਭਾਜਪਾ ਆਗੂ ਕਿਸਾਨਾਂ ਖ਼ਿਲਾਫ਼ ਗ਼ਲਤ ਸ਼ਬਦਾਵਲੀ ਵਰਤ ਰਹੇ ਹਨ। ਉਨ੍ਹਾਂ ਭਾਜਪਾ ਆਗੂ ਹਰਿੰਦਰ ਕਾਹਲੋਂ ਦੇ ਕਿਸਾਨਾਂ ਨੂੰ ਡੰਡਿਆਂ ਨਾਲ ਕੁੱਟ ਕੇ ਭਜਾਉਣ ਦੇ ਬਿਆਨ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਜਪਾ ਆਗੂ ਜਾਣ-ਬੁੱਝ ਕੇ ਅਜਿਹੇ ਬਿਆਨ ਦੇ ਕੇ ਮਾਹੌਲ ਖ਼ਰਾਬ ਕਰ ਰਹੇ ਹਨ ਤਾਂ ਕਿ ਕਿਸਾਨੀ ਮੋਰਚੇ ਨੂੰ ਢਾਹ ਲਾਈ ਜਾ ਸਕੇ। ਆਗੂ ਨੇ ਕਿਹਾ ਕਿ ਕਿਸਾਨ ਪਿਛਲੇ ਕਰੀਬ ਦਸ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ ਪਰ ਭਾਜਪਾ ਆਗੂਆਂ ਦੇ ਬਿਆਨ ਬਲਦੀ ’ਤੇ ਤੇਲ ਪਾਉਣ ਦਾ ਕੰਮ ਕਰ ਰਹੇ ਹਨ, ਜਿਸ ਕਰ ਕੇ ਲੋਕਾਂ ਦੇ ਵਧਦੇ ਰੋਹ ਦਾ ਸ਼ਿਕਾਰ ਹੋਣ ਲਈ ਉਹ ਖ਼ੁਦ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਨੂੰ ਭਾਰਤ ਦੀ ਸਭ ਤੋਂ ਉੱਚੀ ਅਦਾਲਤ ਸੁਪਰੀਮ ਕੋਰਟ ਨੇ ਵੀ ਰੋਕ ਲਾਉਣ ਦੀ ਬਜਾਇ ਕਿਸਾਨਾਂ ਨੂੰ ਸੰਘਰਸ਼ ਕਰਨ ਦਾ ਅਧਿਕਾਰ ਦੱਸਿਆ ਹੈ। ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਚਾਰ ਰਾਜਾਂ ਨੂੰ ਕਿਸਾਨਾਂ ਨੂੰ ਸੜਕ ਤੋਂ ਹਟਾਉਣ ਦੇ ਜਾਰੀ ਕੀਤੇ ਗਏ ਨੋਟਿਸ ਸਬੰਧੀ ਕਿਸਾਨ ਆਗੂ ਨੇ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਹੁਣ ਲੋਕਾਂ ਦੀਆਂ ਸਮੱਸਿਆਵਾਂ ਦਾ ਫ਼ਿਕਰ ਜਾਗਿਆ ਹੈ ਜਦੋਂਕਿ ਕਿਸਾਨ-ਮਜ਼ਦੂਰ ਕਰੀਬ ਦਸ ਮਹੀਨਿਆਂ ਤੋਂ ਸੜਕਾਂ ’ਤੇ ਰੁਲ ਰਹੇ ਹਨ।