ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੁਲਾਈ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਦੇ ਕਾਰਕੁਨਾਂ ਨੇ ਅੱਜ ਸ੍ਰੀਲੰਕਾ ਵਿੱਚ ਚੱਲ ਰਹੇ ਜਨ ਅੰਦੋਲਨ ਦੇ 100 ਦਿਨਾਂ ਨੂੰ ਮਨਾਉਣ ਲਈ ਜੰਤਰ-ਮੰਤਰ ’ਤੇ ਇੱਕ ਏਕਤਾ ਮੀਟਿੰਗ ਕੀਤੀ। ਕੇਵਾਈਐੱਸ ਦੇ ਆਗੂਆਂ ਨੇ ਕਿਹਾ ਕਿ ਇਹ ਅੰਦੋਲਨ ਲੋਕਾਂ ਦੀ ਸਮੂਹਿਕ ਸ਼ਕਤੀ ਦਾ ਪ੍ਰਤੀਕ ਹੈ। ਪ੍ਰਗਤੀਸ਼ੀਲ ਨਾਗਰਿਕਾਂ ਅਤੇ ਸੰਗਠਨ ਉੱਤਰ-ਪੂਰਬੀ ਫੋਰਮ ਫਾਰ ਇੰਟਰਨੈਸ਼ਨਲ ਸੋਲੀਡੈਰਿਟੀ (ਐੱਨਈਐੱਫਆਈਐੱਸ) ਨੇ ਵੀ ਇਸ ਇਕੱਠ ਵਿੱਚ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਮੌਜੂਦਾ ਸਰਕਾਰ ਦੇ ਪਤਨ ਤੋਂ ਬਾਅਦ ਪਿੱਛੇ ਨਹੀਂ ਹਟਣਾ ਚਾਹੀਦਾ, ਸਗੋਂ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਮਰੱਥ ਬਣਾਉਣ ਦੇ ਤਰੀਕੇ ਵਿਕਸਿਤ ਕਰਨੇ ਚਾਹੀਦੇ ਹਨ। ਚਾਹੀਦਾ ਤਾਂ ਇਹ ਹੈ ਕਿ ਅੰਦੋਲਨ ਦਾ ਉਦੇਸ਼ ਸਿਰਫ਼ ਸਰਕਾਰ ਨੂੰ ਬਦਲਣਾ ਹੀ ਨਹੀਂ ਸਗੋਂ ਸਿਸਟਮ ਵਿੱਚ ਬੁਨਿਆਦੀ ਤਬਦੀਲੀ ਲਿਆਉਣਾ ਹੈ।
ਕਾਰਕੁਨਾਂ ਨੇ ਕਿਹਾ ਕਿ ਲੋਕਾਂ ਨੇ ਨਾ ਸਿਰਫ਼ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ, ਸਗੋਂ ਮੌਜੂਦਾ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਸਮੇਤ ਸਾਰੇ ਸੰਸਦ ਮੈਂਬਰਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ, ਜੋ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਹੈ ਕਿ ਸਰਕਾਰ ਕਿਸੇ ਤਰ੍ਹਾਂ ਸਰਬ-ਪਾਰਟੀ ਗੱਠਜੋੜ ਬਣਾਵੇ ਜਾਂ ਸਿਸਟਮ ਨੂੰ ਬਚਾਉਣ ਲਈ ਨਵਾਂ ਪ੍ਰਧਾਨ ਚੁਣੇ। ਲੋਕਾਂ ਦੀ ਸਮੂਹਿਕ ਸ਼ਕਤੀ ਨੂੰ ਸੰਸਥਾਗਤ ਰੂਪ ਦੇਣ ਦੀ ਲੋੜ ਹੈ। ਆਰਥਿਕਤਾ ਨੂੰ ਸਿਰਫ਼ ਕੁਝ ਕੁ ਦੇਸੀ ਅਤੇ ਵਿਦੇਸ਼ੀ ਪੂੰਜੀਪਤੀਆਂ ਲਈ ਨਹੀਂ ਚਲਾਉਣਾ ਚਾਹੀਦਾ।
ਆਗੂਆਂ ਨੇ ਕਿਹਾ ਕਿ ਕੇਵਾਈਐੱਸ ਸ੍ਰੀਲੰਕਾ ਦੇ ਲੋਕਾਂ ਦੇ ਨਾਲ ਉਨ੍ਹਾਂ ਦੀ ਲੋਕ ਵਿਰੋਧੀ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਵਿੱਚ ਖੜ੍ਹੀ ਹੈ। ਕੇਵਾਈਐੱਸ ਨੇ ਸ੍ਰੀਲੰਕਾ ਦੇ ਲੋਕਾਂ ਨੂੰ ਨੇਤਾਵਾਂ ਨੂੰ ਸ਼ਕਤੀਕਰਨ ਦੀ ਬਜਾਏ, ਲੋਕ ਸੰਸਦਾਂ ਦੁਆਰਾ ਆਪਣੀ ਸਮੂਹਿਕ ਸ਼ਕਤੀ ਨੂੰ ਸੰਸਥਾਗਤ ਬਣਾਉਣ ਦੀ ਅਪੀਲ ਕੀਤੀ।