ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਕਤੂਬਰ
ਪਿੰਡ ਦਰਿਆਪੁਰ ਦੇ ਕੁਝ ਕਿਸਾਨਾਂ ਨੇ ਟੈਂਪੂ ਭਰ ਕੇ ਮੂਨਕ ਨਹਿਰ ਵਿੱਚ ਮਰੀਆਂ ਮੱਛੀਆਂ ਸੁੱਟ ਰਹੇ ਦੋ ਨੌਜਵਾਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਕਿਸਾਨ ਨੇ ਦੱਸਿਆ ਕਿ ਰਾਤ ਸਮੇਂ ਉਹ ਖੇਤਾਂ ਵਿੱਚ ਕੰਮ ਕਰ ਕੇ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਪਿੰਡ ਦਰਿਆਪੁਰ ਦੀ ਪੁਲੀ ਕੋਲ ਨਹਿਰ ਦੇ ਉਸ ਪਾਸੇ ਝਾੜੀਆਂ ਦੇ ਪਿੱਛੇ ਇੱਕ ਟੈਂਪੂ ਖੜ੍ਹਾ ਸੀ। ਉਸ ਨੂੰ ਸ਼ੱਕ ਸੀ ਕਿ ਚੋਰ ਉਸ ਦਾ ਟਰਾਂਸਫਾਰਮਰ ਚੋਰੀ ਕਰਨ ਆਏ ਹਨ। ਜਦੋਂ ਉਹ ਟੈਂਪੂ ਕੋਲ ਗਿਆ ਤਾਂ ਦੇਖਿਆ ਕਿ ਟੈਂਪੂ ਮਰੀਆਂ ਮੱਛੀਆਂ ਨਾਲ ਭਰਿਆ ਹੋਇਆ ਸੀ। ਮੱਛੀਆਂ ਇੰਨੀਆਂ ਸੜੀਆਂ ਹੋਈਆਂ ਸਨ ਕਿ ਉਨ੍ਹਾਂ ਵਿੱਚ ਕੀੜੇ ਪੈਦਾ ਹੋ ਗਏ ਸਨ। ਦੋ ਨੌਜਵਾਨ ਟੈਂਪੂ ਵਿੱਚੋਂ ਮੱਛੀਆਂ ਕੱਢ ਕੇ ਮੂਨਕ ਨਹਿਰ ਵਿੱਚ ਸੁੱਟ ਕੇ ਪਾਣੀ ਨੂੰ ਦੂਸ਼ਿਤ ਕਰ ਰਹੇ ਸਨ। ਇਸ ਤੋਂ ਬਾਅਦ ਉਸ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਨਰੇਲਾ ਥਾਣਾ ਪੁਲੀਸ ਦੋਵਾਂ ਨੂੰ ਥਾਣੇ ਲੈ ਗਈ ਅਤੇ ਪੁੱਛਗਿੱਛ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ।