ਨਵੀਂ ਦਿੱਲੀ: ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਮਨੋਰੋਗੀਆਂ ਲਈ ਵਰਤੇ ਜਾਂਦੇ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਤੌਰ ’ਤੇ ਵਪਾਰ ਕਰਨ ਦੇ ਦੋਸ਼ ਹੇਠ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਕੈਪਸੂਲ ਤੇ ਹੋਰ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। 27 ਜੁਲਾਈ ਨੂੰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਲਖਨਊ ਤੋਂ ਅਜਿਹੇ ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਉੱਤਰ-ਪੂਰਬੀ ਦਿੱਲੀ ਵਿੱਚ ਪਹੁੰਚਾਈ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਫਿਰ ਮੁਹੰਮਦ ਅਨਸ ਨੂੰ 1,53,600 ਨਸ਼ੀਲੇ ਕੈਪਸੂਲਾਂ ਵਾਲੇ ਅੱਠ ਡੱਬੇ ਨਿਵੇਸ਼ ਕੁਮਾਰ ਨੂੰ ਦਿੰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਗਿਆ ਸੀ। ਉਸ ਦੇ ਸਕੂਟਰ ’ਚੋਂ 288 ਕੈਪਸੂਲ ਅਤੇ 2,92,000 ਰੁਪਏ ਸਮੇਤ ਦੋ ਡੱਬੇ ਬਰਾਮਦ ਕੀਤੇ ਗਏ ਸਨ। ਅਨਸ ਦੀ ਨਿਸ਼ਾਨਦੇਹੀ ’ਤੇ ਲਕਸ਼ਮੀ ਨਗਰ ਦੀ ਦੁਕਾਨ ਤੋਂ ਲਵਕੇਸ਼ ਨਾਂ ਦੇ ਕੈਮਿਸਟ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ ਹਨ। ਪੁਲੀਸ ਅਨੁਸਾਰ ਅਨਸ ਨੇ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਕਾਰੋਬਾਰ ਵਿੱਚ ਇੱਕ ਸਾਲ ਤੋਂ ਸ਼ਾਮਲ ਹੋਣ ਬਾਰੇ ਕਬੂਲਿਆ ਹੈ। -ਪੱਤਰ ਪ੍ਰੇਰਕ