ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਸਤੰਬਰ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਤਿੰਨ ਨਸ਼ਾ ਤਸਕਰਾਂ ਨੂੰ 8.04 ਕਿਲੋਗ੍ਰਾਮ ਮੈਥਾਮਫੇਟਾਮਾਈਨ ਨਸ਼ੀਲੇ ਪਦਾਰਥ ਸਣੇ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 30 ਕਰੋੜ ਰੁਪਏ ਹੈ। ਪੁਲੀਸ ਨੇ ਕਿਹਾ ਕਿ ਇਹ ਨਸ਼ੀਲੇ ਪਦਾਰਥ ਦਿੱਲੀ ਦੇ ਜਨਕਪੁਰੀ, ਵਿਕਾਸਪੁਰੀ ਅਤੇ ਗ੍ਰੇਟਰ ਕੈਲਾਸ਼ ਖੇਤਰਾਂ ਵਿੱਚ ਕਥਿਤ ਤੌਰ ’ਤੇ ਵੰਡੇ ਗਏ ਸਨ ਜਦੋਂ ਕਿ ਕੋਰੀਅਰਾਂ ਰਾਹੀਂ ਮੁੰਬਈ ਅਤੇ ਬੰਗਲੌਰ ਨੂੰ ਵੀ ਸਪਲਾਈ ਕੀਤੇ ਜਾਂਦੇ ਸਨ। ਤਿੰਨੋਂ ਦੋਸ਼ੀ ਅਬੀਸੋਲਾ ਡੇਬੋਰਾ (37), ਸੈਮੂਅਲ ਡਿਕਸਨ (34) ਅਤੇ ਹੈਨਸ਼ਾ ਵਿਕਟੋਰੀਆ (34) ਭਾਰਤ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਸਨ ਅਤੇ ਦੋ ਸਾਲਾਂ ਤੋਂ ਇਸ ਰੈਕੇਟ ਵਿੱਚ ਸ਼ਾਮਲ ਸਨ। ਅਬੀਸੋਲਾ ਅਤੇ ਸੈਮੂਅਲ ਨਾਈਜੀਰੀਆ ਤੋਂ ਹਨ, ਜਦੋਂਕਿ ਹੈਨਸ਼ਾ ਘਾਨਾ ਵਾਸੀ ਹੈ। ਪੁਲੀਸ ਨੂੰ ਸੂਚਨਾ ਮਿਲੀ ਕਿ ਇੱਕ ਨਾਈਜੀਰੀਅਨ ਔਰਤ ਧੌਲਾ ਕੂੰਆਂ ਬੱਸ ਅੱਡੇ ’ਤੇ ਆਵੇਗੀ। ਇਸ ਦੌਰਾਨ ਅਬੀਸੋਲਾ ਨੂੰ ਟਰਾਲੀ ਬੈਗ ਨਾਲ ਬੱਸ ’ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ। ਡੀਸੀਪੀ (ਸਪੈਸ਼ਲ ਸੈੱਲ) ਅਮਿਤ ਕੌਸ਼ਿਕ ਨੇ ਕਿਹਾ ਕਿ ਬੈਗ ਵਿੱਚੋਂ 4.02 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਅਬੀਸੋਲਾ ਨੇ ਖੁਲਾਸਾ ਕੀਤਾ ਕਿ ਉਸ ਨੇ ਗੋਵਿੰਦਪੁਰੀ ਵਿੱਚ ਰਹਿਣ ਵਾਲੇ ਨਾਈਜੀਰੀਅਨ ਸੈਮੂਅਲ ਡਿਕਸਨ ਤੋਂ ਨਸ਼ੀਲੀਆਂ ਦਵਾਈਆਂ ਖਰੀਦੀਆਂ ਸਨ। ਫਿਰ ਡਿਕਸਨ ਨੂੰ ਤੁਗਲਕਾਬਾਦ ਐਕਸਟੈਂਸ਼ਨ ਵਿੱਚ ਕਿਰਾਏ ਦੇ ਫਲੈਟ ਤੋਂ 2.120 ਕਿਲੋਗ੍ਰਾਮ ਨਸ਼ੀਲੇ ਪਦਾਰਥ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਡਿਕਸਨ ਨੇ ਖੁਲਾਸਾ ਕੀਤਾ ਕਿ ਘਾਨਾ ਦੀ ਇੱਕ ਔਰਤ ਹੈਨਸ਼ਾ ਵਿਕਟੋਰੀਆ ਵੀ ਇਸ ਗਰੋਹ ਦਾ ਹਿੱਸਾ ਸੀ। ਹੈਨਸ਼ਾ ਨੂੰ ਸੈਮੂਅਲ ਦੇ ਉਸੇ ਫਲੈਟ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ 1.9 ਕਿਲੋਗ੍ਰਾਮ ਮੈਥਾਮਫੇਟਾਮਾਈਨ ਬਰਾਮਦ ਕੀਤੀ ਗਈ।